ਹਮਲੇ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ, ਮੇਰੇ ’ਤੇ ਹੋਇਆ ਸੀ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਅਸੀਂ ਪ੍ਰਸ਼ਾਤ ਭੂਸ਼ਣ ਸਮੇਤ ਦੂਜੇ ਆਗੂਆਂ ਵਲੋਂ ਜ਼ੋਰ ਪਾਉਣ ਬਾਅਦ ਹੀ ਉਥੇ ਗਏ ਸਾਂ

Ravneet Singh Bittu

ਨਵੀਂ ਦਿੱਲੀ : ਸਿੰਘੂ ਬਾਰਡਰ ’ਤੇ ਚੱਲ ਰਹੇ ਜਨ ਸੰਸਦ ਵਿਚ ਸ਼ਾਮਲ ਹੋਣ ਆਏ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਕੱਠੀ ਹੋਈ ਭਾਰੀ ਭੀੜ ਨੇ ਸੰਸਦ ਮੈਂਬਰ ਬਿੱਟੂ ਦਾ ਘਿਰਾਓ ਕਰਦਿਆਂ ਉਨ੍ਹਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਭੀੜ ਨੇ ਉਨ੍ਹਾਂ ’ਤੇ ਹਮਲਾ ਵੀ ਕੀਤਾ। ਰਵਨੀਤ ਸਿੰਘ ਬਿੱਟੂ ਨੇ ਹਮਲੇ ਤੋਂ ਤੁਰੰਤ ਬਾਅਦ ਇਸ ਹਮਲਾ ਕਰਨ ਵਾਲਿਆਂ ਨੂੰ ਮੁਆਫ਼ ਕਰਨ ਦੀ ਗੱਲ ਕਹੀ ਅਤੇ ਖੁਦ ਨੂੰ ਕਿਸਾਨ ਹਿਤੈਸ਼ੀ ਕਹਿੰਦਿਆਂ ਵੱਡੇ ਦਿਲ ਦਾ ਸਬੂਤ ਦਿਤਾ। ਬਾਅਦ ਵਿਚ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਸੈਸ਼ਵ ਨਾਗਰਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਸਾਡੇ ’ਤੇ ਜਾਨਲੇਵਾ ਹਮਲਾ ਹੋਇਆ ਸੀ। 

ਰਵਨੀਤ ਬਿੱਟੂ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਸ਼ਰਾਰਤੀ ਅਨਸਰਾਂ ਵਲੋਂ ਕੀਤਾ ਗਿਆ ਹੈ, ਜੋ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਇਹ ਸ਼ਰਾਰਤੀ ਲੋਕ ਸਰਕਾਰ ਅਤੇ ਕਿਸਾਨਾਂ ਵਿਚਾਲੇ ਟਕਰਾਅ ਪੈਦਾ ਕਰ ਕੇ ਕਿਸਾਨੀ ਸੰਘਰਸ਼ ਨੂੰ ਅਸਫ਼ਲ ਬਣਾਉਣਾ ਚਾਹੁੰਦੇ ਹਨ। ਧਰਨਾਕਾਰੀ ਕਿਸਾਨਾਂ ਵਿਚਾਲੇ ਜਾਣ ਸਬੰਧੀ ਉਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ ਕਿ ਉਹ ਕਿਸਾਨਾਂ ਵਿਚਾਲੇ ਨਹੀਂ ਗਏ ਤੇ ਨਾ ਹੀ ਜਾਣਾ ਚਾਹੁੰਦੇ ਹਨ। 

ਉਨ੍ਹਾਂ ਕਿਹਾ ਕਿ ਉਹ ਤਾਂ ਪਿਛਲੇ ਦਿਨਾਂ ਦੌਰਾਨ ਸਮਾਜਸੇਵੀਆਂ ਅਤੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਅਤੇ ਭਾਰਤ ਭੂਸ਼ਣ ਵਲੋਂ ਕੀਤੇ ਗਏ ਐਲਾਨ ਮੁਤਾਬਕ ਜਨ ਸੰਸਦ ਵਿਚ ਸ਼ਾਮਲ ਹੋਣ ਗਏ ਹਨ। ਅਸੀਂ ਸਿੰਘੂ ਸਰਹੱਦ ਲਾਗੇ ਗੁਰੂ ਤੇਗ ਬਹਾਦਰ ਆਡੀਟੋਰੀਅਲ ਵਿਖੇ ਰੱਖੇ ਜਨ ਸੰਸਦ ਵਿਚ ਸ਼ਾਮਲ ਹੋਣ ਲਈ ਗਏ ਸਾਂ। ਇਸ ਲਈ ਸਾਨੂੰ ਬਕਾਇਦਾ ਤੌਰ ’ਤੇ ਬੁਲਾਇਆ ਗਿਆ ਪਰ ਅਸੀਂ ਜਾਣਾ ਨਹੀਂ ਸੀ ਚਾਹੁੰਦੇ। ਫਿਰ ਪਾਰਟੀ ਹਾਈ ਕਮਾਡ ਤਕ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਅਸੀਂ ਉੱਥੇ ਗਏ ਸਾਂ। ਅਸੀਂ ਬਿਨਾਂ ਕਿਸੇ ਡਰ ਦੇ ਬਿਨਾਂ ਸਕਿਊਰਟੀ ਤੋਂ ਉਥੇ ਗਏ। ਸ਼ੁਰੂ ਵਿਚ ਸਾਡੇ ਨਾਲ ਚੰਗਾ ਵਿਵਹਾਰ ਕੀਤਾ ਗਿਆ ਅਤੇ ਸਾਡੇ ਨਾਲ ਸੈਲਫੀਆ ਵੀ ਖਿੱਚੀਆਂ ਗਈਆਂ। ਪਰ ਇਹ ਸ਼ਰਾਰਤੀ ਲੋਕ ਕਿੱਥੇ ਲੁਕੇ ਹੋਏ ਸਨ ਜਿਨ੍ਹਾਂ ਨੇ ਅਚਾਨਕ ਆ ਕੇ ਸਾਡੇ ’ਤੇ ਡਾਗਾ, ਸੋਟੀਆਂ ਅਤੇ ਕਿਰਪਾਨਾ ਆਦਿ ਨਾਲ ਹਮਲਾ ਕਰ ਦਿਤਾ। 

ਉਨ੍ਹਾਂ ਕਿਹਾ ਕਿ ਅਸੀਂ ਭੱਜਣ ਦੀ ਬਜਾਏ ਉਥੇ ਹੀ ਚੌਕੜੀ ਮਾਰ ਕੇ ਬਹਿ ਗਏ। ਉਥੇ ਮੌਜੂਦ ਕੁੱਝ ਕਿਸਾਨਾਂ ਨੇ ਸਾਨੂੰ ਉਨ੍ਹਾਂ ਤੋਂ ਬਚਾ ਕੇ ਗੱਡੀ ਤਕ ਪਹੁੰਚਾਇਆ।  ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਤ ਭੂਸ਼ਣ ਅਤੇ ਗਊਆਂ ਵਾਲੇ ਬਾਬਾ ਜੀ ਵਲੋਂ ਹਾਈ ਕਮਾਡ ਤਕ ਪਹੁੰਚ ਕਰਨ ’ਤੇ ਹਾਈ ਕਮਾਡ ਦੇ ਕਹਿਣ ’ਤੇ ਹੀ ਉਥੇ ਗਏ ਸਾਂ। ਬਿੱਟੂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਸੀ ਕਿ ਅਸੀਂ ਕਿਸਾਨਾਂ ਲਈ 40 ਦਿਨਾਂ ਤੋਂ ਇੱਥੇ ਧਰਨਾ ਲਾਈ ਬੈਠੇ ਹਾਂ ਅਤੇ ਸਾਨੂੰ ਕਿਸੇ ਨੇ ਕੀ ਕਹਿਣਾ ਹੈ। ਇਸ ਲਈ ਅਸੀਂ ਅਪਣੀ ਸਕਿਊਰਟੀ ਵੀ ਨਾਲ ਲੈ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਉਥੇ ਸਾਰੇ ਦੇਸ਼ ’ਚੋਂ ਸਿਆਸੀ ਪਾਰਟੀਆਂ ਦੇ ਆਗੂ ਆਏ ਸਨ ਅਤੇ ਅਸੀਂ ਉਥੇ ਕਿਸਾਨਾਂ ਦੀ ਗੱਲ ਰੱਖਣ ਗਏ ਸਾਂ। ਇਹ ਸਾਰਾ ਕੁੱਝ 29 ਜਨਵਰੀ ਨੂੰ ਲੋਕ ਸਭਾ ਦੇ ਹੋਣ ਵਾਲੇ ਸੈਸ਼ਨ ਦੀ ਤਿਆਰੀ ਵਜੋਂ ਕੀਤਾ ਜਾ ਰਿਹਾ ਸੀ ਤਾਂ ਜੋ ਕਿਸਾਨਾਂ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਜਾ ਸਕੇ। 

ਉਨ੍ਹਾਂ ਕਿਹਾ ਕਿ ਲੋਕ ਸਭਾ ਦੇ 175-76 ਮੈਂਬਰ ਖੁਦ ਨੂੰ ਕਿਸਾਨ ਲਿਖਦੇ ਹਨ, ਇਸ ਲਈ ਅਸੀਂ ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਵੀ ਕਿਸਾਨਾਂ ਦੇ ਮਸਲੇ ’ਤੇ ਬੋਲਣ ਲਈ ਪ੍ਰੇਰਨਾ ਚਾਹੁੰਦੇ ਸਾਂ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਕਿਊਰਟੀ ਨਾਲ ਗਏ ਹੁੰਦੇ ਤਾਂ ਉਥੇ ਟਕਰਾਅ ਹੋ ਸਕਦਾ ਸੀ ਜੋ ਸ਼ਰਾਰਤੀ ਅਨਸਰ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਖੁਦ ਨੂੰ ਉਨ੍ਹਾਂ ਅੱਗੇ ਸਮਰਪਤ ਕਰ ਦਿਤਾ ਸੀ ਕਿ ਜੋ ਚਾਹੁੰਦੇ ਹਨ ਕਰ ਲੈਣ ਪਰ ਉਥੇ ਮੌਜੂਦ ਭਲੇ ਬੰਦਿਆਂ ਨੇ ਸਾਨੂੰ ਉਨ੍ਹਾਂ ਤੋਂ ਬਚਾ ਕੇ ਗੱਡੀ ਤਕ ਪਹੁੰਚਾ ਦਿਤਾ।  

ਸਰਕਾਰ ਵਲੋਂ ਸੰਘਰਸ਼ ’ਚ ਗ਼ਲਤ ਬੰਦਿਆਂ ਦੀ ਐਂਟਰੀ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੋ ਕੁੱਝ ਸਰਕਾਰ ਕਹਿੰਦੀ ਸੀ, ਇਨ੍ਹਾਂ ਨੇ ਉਹੋ ਕੁੱਝ ਸਾਬਤ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਕਹਿੰਦੇ ਸਨ ਕਿ ਅਸੀਂ ਬਾਹਰੋਂ ਆਏ ਸ਼ਰਾਰਤੀ ਬੰਦਿਆਂ ਨੂੰ ਫੜਿਆ ਹੈ ਪਰ ਅੱਜ ਇਨ੍ਹਾਂ ਨੇ ਖੁਦ ਹੀ ਦੂਜੀ ਜਗ੍ਹਾ ’ਤੇ ਆ ਕੇ ਸਾਡੇ ’ਤੇ ਹਮਲਾ ਕਰ ਕੇ ਸਾਬਤ ਕਰ ਦਿਤਾ ਹੈ ਕਿ ਇਹ ਖੁਦ ਸ਼ਰਾਰਤੀ ਅਨਸਰ ਹਨ। ਉਨ੍ਹਾਂ ਕਿਹਾ ਕਿ ਇਹ ਗੈਰ ਸਿੱਖ ਅਤੇ ਹੋਰ ਤਰ੍ਹਾਂ ਦੇ ਝੰਡਿਆਂ ਵਾਲੇ ਬੰਦੇ ਸਨ। ਜਦਕਿ ਗੁਰਸਿੱਖ ਵਿਅਕਤੀਆਂ ਅਤੇ ਕਿਸਾਨਾਂ ਨੇ ਸਾਡੀ ਮੱਦਦ ਕੀਤੀ ਸੀ। ਇਨ੍ਹਾਂ ਕੋਲ ਕਿਸਾਨੀ ਝੰਡੇ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਉਹ ਵਿਅਕਤੀ ਸਨ ਜਿਨ੍ਹਾਂ ’ਤੇ ਐਨ.ਆਈ.ਏ. ਕਾਰਵਾਈ ਕਰ ਰਹੀ ਹੈ ਅਤੇ ਇਹ ਬਾਹਰਲੇ ਮੁਲਕਾਂ ਤੋਂ ਡਾਲਰ ਮੰਗਵਾਉਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਫ਼ੋਟੋਆਂ ਸਾਹਮਣੇ ਗਈਆਂ ਹਨ ਅਤੇ ਇਨ੍ਹਾਂ ਦੇ ਪਾਜ ਹੋਲੀ ਹੋਲੀ ਖੁਲ੍ਹ ਜਾਣਗੇ।   

https://www.facebook.com/watch/live/?v=219671189871763&ref=watch_permalink