ਇਤਿਹਾਸਕ ਘਟਨਾ ਵਜੋਂ ਯਾਦ ਰਹੇਗੀ ਗਣਤੰਤਰ ਦਿਵਸ ਮੌਕੇ ਹੋਣ ਵਾਲੀ ‘ਕਿਸਾਨ ਟਰੈਕਟਰ ਪਰੇਡ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵੱਲ ਆਪਮੁਹਾਰੇ ਕੂਚ ਕਰਨ ਲੱਗੇ ਲੋਕ, ਟਰੈਕਟਰਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ

Farmer Tractor Parade

ਚੰਡੀਗੜ੍ਹ  (ਸ਼ੇਰ ਸਿੰਘ 'ਮੰਡ') : 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਦਿੱਲੀ ਵੱਲ ਵਹੀਰਾ ਘੱਤ ਰਹੇ ਹਨ। ਖ਼ਾਸ ਕਰ ਕੇ ਨੌਜਵਾਨਾਂ ਵਿਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਬੀਤੇ ਦਿਨ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰਾਂ ਦਾ ਦਿੱਲੀ ਵੱਲ ਜਾਣਾ ਜਾਰੀ ਹੈ। ਕਿਸਾਨਾਂ ਨੇ ਟਰੈਕਟਰਾਂ ਨੂੰ ਖ਼ਾਸ ਤਰ੍ਹਾਂ ਨਾਲ ਸਜਾਇਆ ਗਿਆ ਹੈ। 

ਦਿੱਲੀ ਵੱਲ ਜਾ ਰਹੇ ਕਾਫਲਿਆਂ ਵਿਚ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਟਰੈਕਟਰ ਵੀ ਸ਼ਾਮਲ ਹੈ। ਪੰਜਾਬੀ ਨੌਜਵਾਨ ਵਲੋਂ ਤਿਆਰ ਕੀਤਾ ਗਿਆ ਇਹ ਟਰੈਕਟਰ ਖ਼ਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸੇ ਤਰ੍ਹਾਂ ਮਾਛੀਵਾੜਾ ਇਲਾਕੇ ਦੇ ਇਕ ਕਿਸਾਨ ਨੇ ਟਰਾਲੀ ’ਤੇ ਹੀ ਬੱਸ ਬਣਾ ਕੇ ਉਸ ’ਤੇ ਵਿਲੱਖਣ ਕਲਾਕਾਰੀ ਕਰਦਿਆਂ ਕਿਸਾਨੀ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।

ਕਿਸਾਨ ਮੁਤਾਬਕ ਉਸ ਨੇ ਬੱਸ ਦੀ ਪੁਰਾਣੀ ਬਾਡੀ ਖਰੀਦ ਕੇ ਉਸ ਨੂੰ ਟਰਾਲੀ ਉਪਰ ਫਿੱਟ ਕੀਤਾ ਹੈ। ਇਸ ਵਿਚ ਬਕਾਇਦਾ ਸੀਟਾਂ ਅਤੇ ਗੱਦੇ ਵਿਛਾਏ ਗਏ ਹਨ ਤਾਂ ਜੋ ਇਸ ਵਿਚ ਸਫ਼ਰ ਕਰਨ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਬਾਹਰੋਂ ਵੇਖਣ ਨੂੰ ਇਹ ਟਰਾਲੀ ਲਗਜਰੀ ਬੱਸ ਦਾ ਭੁਲੇਖਾ ਪਾਉਂਦੀ ਹੈ। ਟਰੈਕਟਰ ਪਿੱਛੇ ਟਰਾਲੀ ਵਾਂਗ ਚੱਲਣ ਵਾਲੀ ਇਹ ਬੱਸਨੁਮਾ ਟਰਾਲੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਉਧਰ ਕਿਸਾਨਾਂ ਦੇ ਰੌਅ ਅੱਗੇ ਝੁਕਦਿਆਂ ਕੇਂਦਰ ਸਰਕਾਰ ਵੀ ਕਿਸਾਨਾਂ ਨੂੰ ਲਾਘਾ ਦੇਣ ਲਈ ਰਾਜ਼ੀ ਹੋ ਗਈ ਹੈ। ਐਤਵਾਰ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਭਾਰੀ ਰੋਕਾਂ ਨੂੰ ਹਟਾਉਣ ਵਿਚ ਲੱਗਾ ਹੋਇਆ ਹੈ। ਵੱਡੀਆਂ ਵੱਡੀਆਂ ਜੇਸੀਬੀ ਮਸ਼ੀਨਾਂ ਨਾਲ ਭਾਰੀ-ਭਰਕਮ ਰੋਕਾਂ ਨੂੰ ਪਾਸੇ ਹਟਾ ਕੇ ਲਾਂਘਾ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਦੇ ਇਸ ਕਦਮ ਨੂੰ ਕਿਸਾਨਾਂ ਦੀ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ। 

ਦੂਜੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੀ ਆਮਦ ਲਗਾਤਾਰ ਜਾਰੀ ਹੈ। ਕਈ ਥਾਈ ਤਾਂ ਪੈਰ ਰੱਖਣ ਨੂੰ ਵੀ ਥਾਂ ਨਹੀਂ ਬਚੀ। ਇਸੇ ਦੌਰਾਨ ਪ੍ਰਬੰਧਕਾਂ ਨੇ ਵੀ ਕਿਸਾਨਾਂ ਦੀ ਭਾਰੀ ਆਮਦ ਨੂੰ ਵੇਖਦਿਆਂ ਕਮਰਕੱਸ ਲਈ ਹੈ। ਖ਼ਾਸ ਕਰ ਕੇ ਖ਼ਾਲਸਾ ਏਡ ਵਲੋਂ ਕੀਤੇ ਗਏ ਪੁਖਤਾ ਪ੍ਰਬੰਧ ਵਿਸ਼ੇਸ਼ ਖਿੱਚ ਦਾ ਕੇਂਦਰ ਹਨ। ਚੰਡੀਗੜ੍ਹ ਤੋਂ ਦੇਰ ਰਾਤ ਦਿੱਲੀ ਪਹੁੰਚੇ ਨੌਜਵਾਨਾਂ ਮੁਤਾਬਕ ਖ਼ਾਲਸਾ ਏਡ ਵਲੋਂ ਕੀਤੇ ਗਏ ਪ੍ਰਬੰਧ ਲਾਮਿਸਾਲ ਹਨ। ਉਥੇ ਕਿਸਾਨਾਂ ਦੀ ਠਹਿਰਣ, ਖਾਣ-ਪੀਣ ਅਤੇ ਨਿੱਕੀਆਂ ਨਿੱਕੀਆਂ ਜ਼ਰੂਰਤਾਂ ਦਾ ਪੂਰਾ ਬੰਦੋਬਸਤ ਕੀਤਾ ਗਿਆ ਹੈ। 

ਪੜ੍ਹਾਈ ਅਤੇ ਹੋਰ ਰੁਝੇਵਿਆਂ ਤੋਂ ਸਮਾਂ ਕੱਢ ਕੇ ਸਿੰਘੂ ਬਾਰਡਰ ਪਹੁੰਚੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਵਾਪਸ ਮੁੜਣ ਨਹੀਂ ਜੀਅ ਨਹੀਂ ਕਰ ਰਿਹਾ। ਨੌਜਵਾਨਾਂ ਮੁਤਾਬਕ ਇਹ ਧਰਨੇ ਦੀ ਥਾਂ ਮੇਲੇ ਦਾ ਭੁਲੇਖਾ ਪਾਉਂਦਾ ਹੈ। ਰਸਤੇ ਵਿਚ ਥਾਂ-ਥਾਂ ਲੱਗੇ ਲੰਗਰ ਰਾਹਗੀਰਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸਫ਼ਰ ਦੌਰਾਨ ਢਾਬਿਆਂ ਅਤੇ ਹੋਟਲਾਂ ਤੋਂ ਮਹਿੰਗੇ ਭਾਅ ਖਾਣ-ਪੀਣ ਦਾ ਸਮਾਨ ਵਰਤ ਚੁੱਕੇ ਬਾਹਰਲੇ ਸੂਬਿਆਂ ਦੇ ਲੋਕ ਪੰਜਾਬੀਆਂ ਦੀ ਇਸ ਦਰਿਆਦਿੱਲੀ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ। 

ਦਿੱਲੀ ਵਿਖੇ ਲੱਗੇ ਕਿਸਾਨੀ ਧਰਨੇ ਨੇ ਜਿੱਥੇ ਪੰਜਾਬੀਆਂ ਦੇ ਖੁਲਦਿੱਲੀ ਨੇ ਦੇਸ਼ ਵਿਆਪੀ ਪੱਧਰ ’ਤੇ ਪ੍ਰਸਿੱਧੀ ਪਹੁੰਚਾਈ ਹੈ ਉਥੇ ਹੀ ਗੁਰੂ ਸਾਹਿਬ ਦੇ ਕਿਰਤ ਕਰੋ, ਨਾਮ ਜੱਪੋ ਅਤੇ ਵੰਡ ਛੱਡੋ ਦੇ ਸਿਧਾਂਤ ਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਦਾ ਕੰਮ ਕੀਤਾ ਹੈ। ਜਿਹੜਾ ਪ੍ਰਚਾਰ ਵੱਡੇ-ਵੱਡੇ ਪ੍ਰਚਾਰ-ਸਾਧਨ ਹੁਣ ਤਕ ਨਹੀਂ ਸੀ ਕਰ ਸਕੇ, ਉਹ ਕਿਸਾਨੀ ਅੰਦੋਲਨ ਕਾਰਨ ਕੁੱਝ ਮਹੀਨਿਆਂ ਵਿਚ ਹੀ ਦੂਰ-ਦੂਰ ਤਕ ਪਹੰੁਚਾ ਗਿਆ ਹੈ। ਕਿਸਾਨੀ ਅੰਦੋਲਨ ਦੀ ਇਹ ਵਿਲੱਖਣਤਾ ਲੰਮੇ ਸਮੇਂ ਤਕ ਲੋਕ ਚੇਤਿਆ ’ਚ ਤਾਜ਼ਾ ਰਹੇਗੀ।