ਐਫ਼ਸੀਆਈ ’ਚ ਚੌਂਕੀਦਾਰਾਂ ਦੀ ਭਰਤੀ ’ਚ ਹੋਇਆ ਘਪਲਾ, ਸੀਬੀਆਈ ਨੇ ਕੀਤਾ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਚੌਂਕੀਦਾਰਾਂ ਦੀ ਭਰਤੀ ’ਚ ਹੋਏ ਘਪਲੇ ਦਾ ਕੀਤਾ ਪਰਦਾਫ਼ਾਸ਼, ਆਊਟਸੋਰਸ ਕੰਪਨੀ ਨੇ ਭਰਤੀ ’ਚ ਕੀਤਾ ਸੀ ਘਪਲਾ

Central Bureau of Investigation

ਨਵੀਂ ਦਿੱਲੀ : ਸੀਬੀਆਈ ਨੇ ਚੌਂਕੀਦਾਰਾਂ ਦੀ ਭਰਤੀ ਵਿਚ ਇਕ ਵੱਡੇ ਘਪਲੇ ਦਾ ਪਰਦਾਫ਼ਾਸ਼ ਕੀਤਾ ਹੈ। ਸਰਵਜਨਿਕ ਖੇਤਰ ਦੇ ਇਕ ਉਪਕਰਮ ਵਲੋਂ ਇੰਡੀਅਨ ਫੂਡ ਕਾਰਪੋਰੇਸ਼ਨ (FCI) ਵਿਚ ਘਪਲੇ ਦਾ ਇਲਜ਼ਾਮ ਲਗਾਇਆ ਗਿਆ ਹੈ। ਉਪਕਰਮ ਵਲੋਂ ਦਰਜ ਸ਼ਿਕਾਇਤ ਦੇ ਮੁਤਾਬਕ ਜਿਸ ਪ੍ਰਾਈਵੇਟ ਏਜੰਸੀ ਨੂੰ ਸਰਕਾਰੀ ਚੌਂਕੀਦਾਰਾਂ ਦੀ ਭਰਤੀ ਦਾ ਠੇਕਾ ਦਿਤਾ ਗਿਆ, ਉਸ ਨੇ ਅਯੋਗ ਉਮੀਦਵਾਰਾਂ ਦੀ ਚੋਣ ਕਰ ਲਈ। ਇਸ ਗੱਲ ਦੀ ਪੁਸ਼ਟੀ ਸੀਬੀਆਈ ਦੀ ਜਾਂਚ ਵਿਚ ਹੋ ਚੁੱਕੀ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਜਾਂਚ ਦੇ ਜ਼ਰੀਏ ਦਿੱਲੀ ਸਮੇਤ ਕਈ ਰਾਜਾਂ ਵਿਚ ਚੌਂਕੀਦਾਰ ਭਰਤੀ ਦੇ ਸਬੰਧ ਵਿਚ ਵੱਡੇ ਘੋਟਾਲੇ ਸਾਹਮਣੇ ਆ ਸਕਦੇ ਹਨ। ਖ਼ਬਰਾਂ ਦੇ ਮੁਤਾਬਕ ਇੰਡੀਅਨ ਫੂਡ ਕਾਰਪੋਰੇਸ਼ਨ (ਐਫ਼ਸੀਆਈ) ਨੇ 10 ਅਪ੍ਰੈਲ 2017 ਨੂੰ ਦਿੱਲੀ ਖੇਤਰ ਵਿਚ ਚੌਂਕੀਦਾਰਾਂ ਦੀ ਭਰਤੀ ਲਈ ਇਕ ਪ੍ਰਾਈਵੇਟ ਏਜੰਸੀ ਇੰਟੀਗ੍ਰੇਟਡ ਸਲਿਊਸ਼ੰਨਸ ਲਿਮੀਟੇਟ ਨੂੰ ਆਊਟਸੋਰਸ ਕੀਤਾ। ਇਸ ਦੌਰਾਨ ਕੁਲ 53 ਅਹੁਦਿਆਂ ਲਈ 1.08 ਲੱਖ ਲੋਕਾਂ ਨੇ ਬਿਨੈ ਕੀਤਾ।

18 ਫਰਵਰੀ 2018 ਨੂੰ ਲਿਖਤੀ ਪ੍ਰੀਖਿਆ ਦੇ ਦੌਰਾਨ 98,771 ਪ੍ਰਾਰਥੀ ਮੌਜੂਦ ਹੋਏ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਵਿਚ ਸਾਰੇ ਪੋਸਟ-ਗ੍ਰੈਜੁਏਟ ਡਿਗਰੀ ਧਾਰਕ ਵੀ ਸਨ। ਇਸ ਦੌਰਾਨ ਇਹਨਾਂ ਵਿਚੋਂ ਕੁਲ 171 ਪ੍ਰਾਰਥੀ ਲਿਖਤੀ ਪਰੀਖਿਆ ਵਿਚ ਸਫ਼ਲ ਹੋਏ। ਇਸ ਤੋਂ ਬਾਅਦ ਮੈਡੀਕਲ ਅਤੇ ਸਰੀਰਕ ਪ੍ਰੀਖਿਆ ਤੋਂ ਬਾਅਦ 96 ਲੋਕਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਹਨਾਂ ਵਿਚੋਂ 53 ਦੀ ਚੋਣ ਹੋਈ, ਜਦੋਂ ਕਿ 43 ਨੂੰ ਵੇਟਿੰਗ ਵਿਚ ਰੱਖ ਦਿਤਾ ਗਿਆ ਪਰ ਐਫ਼ਸੀਆਈ ਨੂੰ ਇਸ ਵਿਚ ਧਾਂਧਲੀ ਦਾ ਸ਼ੱਕ ਹੋਇਆ ਅਤੇ ਉਸ ਨੇ ਮਾਮਲਾ ਸੀਬੀਆਈ ਜਾਂਚ ਲਈ ਭੇਜ ਦਿਤਾ।

ਐਫ਼ਸੀਆਈ ਨੇ ਸੀਬੀਆਈ ਨੂੰ ਭੇਜੀ ਸ਼ਿਕਾਇਤ ਵਿਚ ਕਿਹਾ ਕਿ ਚੌਂਕੀਦਾਰ ਭਰਤੀ ਵਿਚ ਕੁਝ ਲੋਕ ਨੇ ਬੇਈਮਾਨੀ ਨਾਲ ਪਰੀਖਿਆ ਪਾਸ ਕੀਤੀ। ਇਸ ਦੀ ਵਜ੍ਹਾ ਨਾਲ ਲਾਇਕ ਉਮੀਦਵਾਰਾਂ ਦੀ ਚੋਣ ਨਹੀਂ ਹੋ ਸਕੀ। ਪਿਛਲੇ ਸਾਲ ਅਗਸਤ ਮਹੀਨੇ ਵਿਚ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਅਤੇ ਅਰੰਭ ਦੀ ਜਾਂਚ ਵਿਚ ਪਾਇਆ ਗਿਆ ਕਿ ਯੋਗ ਉਮੀਦਵਾਰਾਂ ਦੇ ਨਾਲ ਸਾਜਿਸ਼ ਅਤੇ ਧੋਖਾਧੜੀ ਕੀਤੀ ਗਈ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ 96 ਵਿਚੋਂ ਘੱਟ ਤੋਂ ਘੱਟ 14 ਉਮੀਦਵਾਰਾਂ ਦੀ ਗਲਤ ਚੋਣ ਹੋਈ। ਜਿਸ ਕੰਪਨੀ ਨੇ ਭਰਤੀ ਪ੍ਰਕਿਰਿਆ ਨੂੰ ਅੰਜਾਮ ਦਿਤਾ ਉਸ ਨੇ ਇਸ ਤੋਂ ਪਹਿਲਾਂ ਕਈ ਸਰਕਾਰੀ ਸੰਸਥਾਵਾਂ ਲਈ ਚੌਂਕੀਦਾਰਾਂ ਦੀ ਭਰਤੀ ਕੀਤੀ ਸੀ।