ਚਿੱਟੀਸਿੰਘਪੁਰਾ ਕਾਂਡ ਦੀ ਹੋਵੇ ਸੀਬੀਆਈ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

19 ਸਾਲ ਪਹਿਲਾਂ ਹੋਇਆ ਸੀ 35 ਸਿੱਖਾਂ ਦਾ ਕਤਲ 

Sikh massacre in the Valle

ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਦੇ ਪ੍ਰਚਾਰਕ ਤੇ ਪ੍ਰਸਿੱਧ ਲਿਖਾਰੀ ਬੀ.ਐਸ. ਗੁਰਾਇਆ ਨੇ ਮੰਗ ਕੀਤੀ ਕਿ ਚਿੱਟੀਸਿੰਘਪੁਰਾ ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਫੜਨ ਲਈ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਚਿੱਟੀਸਿੰਘਪੁਰਾ ਕਤਲੇਆਮ 'ਤੇ ਸੀਬੀਆਈ ਰਿਪੋਰਟ 'ਤੇ ਅਮਲ ਕਰਦੇ ਹੋਏ ਕਾਤਲਾਂ ਨੂੰ ਜੇਲਾਂ ਵਿਚ ਸੁਟਿਆ ਜਾਵੇ।

ਜ਼ਿਕਰਯੋਗ ਹੈ ਕਿ 20 ਮਾਰਚ 2000 ਨੂੰ ਕਸ਼ਮੀਰ ਦੇ ਚਿੱਟੀਸਿੰਘਪੁਰਾ ਪਿੰਡ ਵਿਚ 35 ਨਿਰਦੋਸ਼ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੇ ਗੋਲੀਆਂ ਮਾਰੀਆਂ ਗਈਆਂ ਸਨ। ਗੁਰਾਇਆ ਨੇ ਦੁਖ ਜ਼ਾਹਰ ਕੀਤਾ ਕਿ ਅੱਜ ਇਸ ਕਤਲੇਆਮ ਨੂੰ 19 ਸਾਲ ਪੂਰੇ ਹੋ ਗਏ ਹਨ ਪਰ ਭਾਰਤ ਸਰਕਾਰ ਇਸ ਬਾਬਤ ਚੁਪ ਹੈ। ਇਹ ਬੇਇਨਸਾਫ਼ੀ ਭਾਰਤੀ ਲੋਕਤੰਤਰ ਤੇ ਨਿਆਂ ਪ੍ਰਣਾਲੀ ਦੇ ਚਿਹਰੇ 'ਤੇ ਦਾਗ ਹੈ। ਗੁਰਾਇਆ ਜੋ ਕਿ ਅੱਜ ਕਲ੍ਹ ਅਸਟ੍ਰੇਲੀਆ ਦੌਰੇ ਤੇ ਹਨ, ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ 24 ਮਾਰਚ 2000 ਨੂੰ ਭਾਰਤ ਆਏ ਸਨ ਤੇ ਉਨ੍ਹਾਂ ਦੇ ਆਉਣ ਤੋਂ ਚਾਰ ਦਿਨ ਪਹਿਲਾਂ ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ ਵਿਚ ਨਿਰਦੋਸ਼ 35 ਸਿੱਖ ਮਾਰ ਦਿਤੇ ਜਾਂਦੇ ਗਏ।

ਭਾਰਤੀ ਮੀਡੀਆ ਨੇ ਕਿਹਾ ਸੀ ਕਿ ਇਹ ਪਾਕਿਸਤਾਨੀ ਅੱਤਵਾਦੀਆਂ ਨੇ ਕੀਤਾ ਹੈ।  25 ਮਾਰਚ ਨੂੰ ਪਿੰਡ ਪੱਥਰੀਬਲ ਵਿਚ ਭਾਰਤੀ ਫ਼ੌਜ 5 ਮੁਸਲਮਾਨਾਂ ਨੂੰ ਮਾਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਉਹੀ ਪਾਕਿਸਤਾਨੀ ਅੱਤਵਾਦੀ ਹਨ, ਜਿਨ੍ਹਾਂ ਨੇ ਚਿੱਟੀਸਿੰਘਪੁਰਾ ਦਾ ਕਾਰਾ ਕੀਤਾ ਸੀ।  ਗੁਰਾਇਆ ਨੇ ਕਿਹਾ ਕਿ ਇਹ ਵਾਰਦਾਤ ਭਾਜਪਾ ਦੀ ਸਰਕਾਰ ਵੇਲੇ ਵਾਪਰੀ ਸੀ ਜਿਸ ਕਰਕੇ ਭਾਈਵਾਲ ਅਕਾਲੀਆਂ ਤੋਂ ਤਾਂ ਉਮੀਦ ਹੀ ਨਾ ਰੱਖੋ। ਗੁਰਾਇਆ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਤਾਂ ਅੱਜ ਬਾਦਲ ਪਰਵਾਰ ਦਾ ਗੁਲਾਮ ਹੋ ਗਿਆ ਹੈ ਤੇ ਲੋਕਤੰਤਰੀ ਕਦਰਾਂ ਕੀਮਤਾਂ ਭੁੱਲ ਚੁੱਕਾ ਹੈ।