1500km ਤੁਰਨ ਵਾਲੇ ਨੂੰ ਕਾਂਗਰਸ ਨੇ ਬਣਾਇਆ ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਵਿਚ 71 ਦਿਨਾਂ ਤੱਕ ਲਗਭਗ 1500 ਕਿਲੋਮੀਟਰ ਪੈਦਲ ਯਾਤਰਾ ਤੁਰੇ

Muktikant Biswal

ਭੁਵਨੇਸ਼ਵਰ- ਓਡੀਸਾ ਦੇ ਰਹਿਣ ਵਾਲੇ 31 ਸਾਲਾ ਮੂਰਤੀ ਬਣਾਉਣ ਵਾਲੇ ਕਾਰੀਗਰ ਮੁਕਤੀਕਾਂਤ ਬਿਸਵਾਲ ਉਸ ਸਮੇਂ ਕੌਮੀ ਸੁਰਖੀਆਂ ਚ ਅਚਾਨਕ ਆ ਗਏ ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਵਿਚ 71 ਦਿਨਾਂ ਤੱਕ ਲਗਭਗ 1500 ਕਿਲੋਮੀਟਰ ਪੈਦਲ ਯਾਤਰਾ ਤੁਰੇ ।ਉਹ ਆਪਣੇ ਨਾਲ ਤਿਰੰਗਾ ਅਤੇ ਇਕ ਵੱਡਾ ਬੈਨਰ ਲੈ ਕੇ ਆ ਰਹੇ ਸਨ ਤਾਂਕਿ ਰਾਊਰਕੇਲਾ ਦੇ ਇਸਪਾਤ ਜਨਰਲ ਹਸਪਤਾਲ ਨੂੰ ਸਹੂਲਤਾਂ ਦੇਣ ਬਾਰੇ ਵਿਚ ਪੀਐਮ ਮੋਦੀ ਵਲੋਂ ਕੀਤੇ ਵਾਅਦੇ ਨੂੰ ਮੁੜ ਯਾਦ ਕਰਵਾਇਆ ਜਾ ਸਕੇ।

ਪਰ ਬਿਸਵਾਲ ਦਿੱਲੀ ਪੁੱਜਣ ਤੋਂ ਪਹਿਲਾਂ ਹੀ ਮੁੱਖ ਮਾਰਗ ਤੇ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਕੌਮੀ ਰਾਜਧਾਨੀ ਪੁੱਜਣ ਮਗਰੋਂ ਪੀਐਮ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਉਨ੍ਹਾਂ ਦੀ ਅਸਫ਼ਲ ਰਹੀ। ਹੁਣ ਬਿਸਵਾਲ ਨੂੰ ਕਾਂਗਰਸ ਨੇ ਰਾਊਰਕੇਲਾ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਹੈ।

ਓਡੀਸਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਦੀ ਸੂਚੀ ਵਿਚ ਜੇਲ੍ਹ ਚ ਬੰਦ ਮਾਓਵਾਦੀ ਆਗੂ ਸਬਯਾਸ਼ਚੀ ਪਾਂਡਾ ਦੀ ਪਤਨੀ ਸੁਭਾਸ਼ੀ ਪਾਂਡਾ ਦਾ ਵੀ ਨਾਂ ਹੈ। ਉਨ੍ਹਾਂ ਨੂੰ ਰਾਨਪੁਰ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ।ਕਾਂਗਰਸ ਨੇ ਇਕ ਹੋਰ ਮਾਓਵਾਦੀ ਨਾਲ ਸਬੰਧਿਤ ਦੋਸ਼ੀ ਸੰਗਰਾਮ ਮੋਹੰਤੀ ਨੂੰ ਵੀ ਆਪਣਾ ਉਮੀਦਵਾਰ ਬਣਾਇਆ ਹੈ। 38 ਸਾਲਾ ਸੁਰੁਦਾ ਵਿਧਾਨ ਸਭਾ ਤੋਂ ਕਾਂਗਰਸ ਉਮੀਦਵਾਰ ਸਾਬਕਾ ਮਾਓਵਾਦੀ ਦਾਂਡਾਪਾਣੀ ਮੋਹੰਤੀ ਦੇ ਬੇਟੇ ਹਨ।