ਪੂਰਾ ਭਾਰਤ ਬੰਦ: ਅੱਜ ਰਾਤ 12 ਵਜੇ ਤੋਂ ਪੂਰੇ ਭਾਰਤ 'ਚ ਲੌਕਡਾਊਨ
ਨਰਿੰਦਰ ਮੋਦੀ ਨੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਭਾਰਤ ਵਿਚ ਅੱਜ ਰਾਤ 12 ਵਜੇ ਤੋਂ 14 ਅਪ੍ਰੈਲ ਤੱਕ ਦੇਸ਼-ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਭਾਰਤ ਵਿਚ ਅੱਜ ਰਾਤ 12 ਵਜੇ ਤੋਂ 14 ਅਪ੍ਰੈਲ ਤੱਕ ਦੇਸ਼ ਭਰ ਵਿਚ ਕੁੱਲ ਤਿੰਨ ਹਫਤੇ ਭਾਵ 21 ਦਿਨਾਂ ਲਈ ਦੇਸ਼-ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਸੰਕਟ 'ਤੇ ਛੇ ਦਿਨਾਂ ਵਿਚ ਦੂਜੀ ਵਾਰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇਹ ਜਨਤਾ ਕਰਫਿਊ ਨਾਲੋਂ ਸਖ਼ਤ ਹੋਵੇਗਾ ਅਤੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਰੋਨਾ ਵਰਗੇ ਸੰਕਟ ਨਾਲ ਲੜਨ ਅਤੇ ਜਿੱਤਣ ਲਈ ਕਰਫਿਊ ਵਰਗਾ ਕਦਮ ਜ਼ਰੂਰੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਬੰਦ ਨਹੀਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਖਾਣ ਪੀਣ ਜਾਂ ਦਵਾਈਆਂ ਦੀ ਕੋਈ ਕਮੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ ਇਹ ਕੋਈ ਕਹਾਵਤ ਨਹੀਂ ਹੈ, ਇਸ ਨੂੰ ਸਮਝਣਾ ਪਏਗਾ, ਉਹਨਾਂ ਕਿਹਾ 21 ਦਿਨਾਂ ਦੀ ਤਾਲਾਬੰਦੀ ਲੰਮਾ ਸਮਾਂ ਹੈ ਪਰ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਪਿੰਡ ਅਤੇ ਸ਼ਹਿਰ ਦੀ ਰੱਖਿਆ ਲਈ ਇਹ ਕਦਮ ਚੁੱਕਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।
ਦੁਨੀਆ ਭਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਸੰਕਰਮਣ ਚੱਕਰ ਨੂੰ ਰੋਕਣ ਲਈ ਘੱਟੋ ਘੱਟ 21 ਦਿਨਾਂ ਦਾ ਸਾਈਕਲ ਲਾਜ਼ਮੀ ਹੈ ਅਤੇ ਅਸੀਂ 21 ਦਿਨਾਂ ਦੇ ਇਸ ਬੰਦ ਤੋਂ ਜਿੱਤ ਕੇ ਬਾਹਰ ਆਉਣਾ ਹੈ।
ਦੇਸ਼ ਭਰ ਵਿੱਚ 21 ਦਿਨਾਂ ਦੇੀ ਤਾਲਾਬੰਦੀ ਦੀ ਘੋਸ਼ਣਾ ਤੋਂ ਪਹਿਲਾਂ, ਪੀਐਮ ਮੋਦੀ ਨੇ 22 ਮਾਰਚ ਦੇ ਜਨਤਾ ਕਰਫਿਊ ਨੂੰ ਸਫਲ ਬਣਾਉਣ ਲਈ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਸੰਕਟ ਦੇ ਸਮੇਂ, ਮਨੁੱਖਤਾ ਦੀ ਰੱਖਿਆ ਲਈ, ਭਾਰਤੀ ਕਿਵੇਂ ਇਕਜੁੱਟ ਹੋ ਕੇ ਖੜੇ ਹੁੰਦੇ ਹਨ।