ਕਿਸਾਨ ਅੰਦੋਲਨ ’ਚ ਗਏ ਪੁੱਤ ਤੋਂ ਨਾਰਾਜ਼ ਬਾਪ ਨੇ ਜਾਇਦਾਦ ਤੋਂ ਕੀਤਾ ਬੇਦਖ਼ਲ
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਪੁੱਤ ਦੇ ਸ਼ਾਮਲ...
ਹਮੀਰਪੁਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਪੁੱਤ ਦੇ ਸ਼ਾਮਲ ਹੋਣ ’ਤੇ ਨਾਰਾਜ ਪਿਤਾ ਨੇ ਉਸਨੂੰ ਆਪਣੀ ਚਲ-ਅਚਲ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਹੈ। ਦੇਸ਼ ਵਿਚ ਇਸ ਤਰ੍ਹਾਂ ਦਾ ਇਹ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਹਮੀਰਪੁਰ ਜ਼ਿਲ੍ਹੇ ਦੇ ਉਪਮੰਡਲ ਬਡਸਰ ਦੇ ਜਮਲੀ ਪਿੰਡ ਦੇ ਸਾਬਕਾ ਫ਼ੌਜੀ ਅਜਮੇਰ ਸਿੰਘ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸਦੇ ਇਕਲੌਤੇ ਪੁੱਤਰ ਪਰਮਜੀਤ ਸਿੰਘ ਨੂੰ ਇਹ ਤੱਕ ਨਹੀਂ ਪਤਾ ਕਿ ਕਦੋਂ ਕਿਹੜੀ ਫਸਲ ਬੀਜੀ ਜਾਂਦੀ ਹੈ।
ਘਰ ਵਿਚ ਬੈਠ ਕੇ ਮੁਫਤ ਦਾ ਖਾਣਾ ਖਾਂਦਾ ਹੈ। ਸਾਬਕਾ ਫ਼ੌਜੀ ਨੇ ਅੰਦੋਲਨ ਨੂੰ ਗਲਤ ਦੱਸਦੇ ਹੋਏ ਦਿੱਲੀ ਪੁਲਿਸ ਤੋਂ ਇਹ ਗੁਹਾਰ ਲਗਾਈ ਹੈ ਕਿ ਅੰਦੋਲਨ ਵਿਚ ਸ਼ਾਮਲ ਮੇਰੇ ਦੇਸ਼ ਧ੍ਰੋਹੀ ਪੁੱਤਰ ਦੀਆਂ ਮਾਰ-ਮਾਰ ਕੇ ਹੱਡੀਆਂ ਤੋੜ ਦਿੱਤੀਆਂ ਜਾਣ। ਅਜਮੇਰ ਸਿੰਘ ਭਾਰਤੀ ਫ਼ੌਜ ਤੋਂ ਸਾਲ 2005 ਵਿਚ ਸੇਵਾ ਮੁਕਤ ਹੋ ਗਏ ਸਨ। ਸੇਵਾ ਮੁਕਤੀ ਤੋਂ ਬਾਅਦ ਉਹ ਆਪਣੇ ਪਿੰਡ ਵਿਚ ਇਕ ਹੀ ਦੁਕਾਨ ਚਲਾਉਂਦੇ ਹਨ ਅਤੇ ਨਾਲ ਹੀ ਖੇਤੀਬਾੜੀ ਕਰਦੇ ਹਨ। ਪਰਮਜੀਤ ਇਕਲੌਤਾ ਪੁੱਤਰ ਹੈ।
ਜਿਸਦਾ ਵਿਆਹ ਹੋ ਚੁੱਕਿਆ ਹੈ। ਨੂੰਹ ਅਤੇ ਪੋਤੀ ਘਰ ’ਤੇ ਹਨ, ਜਦਕਿ ਪੁੱਤਰ ਦਿੱਲੀ ਵਿਚ ਕਿਸਾਨ ਅੰਦੋਲਨ ਵਿਚ ਪਹੁੰਚਿਆ ਹੋਇਆ ਹੈ। ਇਕ ਚੈਨਲ ਉਤੇ ਪੁੱਤਰ ਨੂੰ ਇੰਟਰਵਿਊ ਦਿੰਦੇ ਹੋਏ ਅਜਮੇਰ ਸਿੰਘ ਨੇ ਪਹਿਚਾਣ ਲਿਆ। ਸਥਾਨਕ ਚੈਨਲ ਉਤੇ ਦਿੱਤੇ ਇੰਟਰਵਿਊ ਵਿਚ ਪਰਮਜੀਤ ਸਿੰਘ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਹੀ ਦੱਸਿਆ ਤੇ ਚੈਨਲ ਉਤੇ ਹੀ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ।
ਇਹ ਦੇਖਕੇ ਅਜਮੇਰ ਸਿੰਘ ਭੜਕ ਗਿਆ ਹੁਣ ਉਸਨੇ ਅਪਣੇ ਬੇਟੇ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਅਜਮੇਰ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਸਹੀ ਨਹੀਂ ਹੈ। ਉਥੇ ਲੋਕ ਮੁਫਤ ਦਾ ਖਾਣਾ ਅਤੇ ਹੋਰ ਸੁਵਿਧਾਵਾਂ ਹਾਸਲ ਕਰ ਰਹੇ ਹਨ। ਅਜਮੇਰ ਸਿੰਘ ਨੇ ਕਿਹਾ ਕਿ ਇਹ ਇਕ ਸਾਬਕਾ ਸੈਨਿਕ ਹਨ ਅਤੇ ਖੇਤੀ ਦੇ ਨਵੇਂ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹਨ। ਬੇਟੇ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨ ਦੇ ਇਸ ਮਾਮਲੇ ਨਾਲ ਲੋਕ ਹੈਰਾਨ ਹਨ।