ਪੂਰਨ ਬਹੁਮਤ ਮਿਲਦਿਆਂ ਹੀ ਮੋਦੀ ਨੇ ਨਾਮ ਨਾਲੋਂ 'ਚੌਕੀਦਾਰ' ਸ਼ਬਦ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਤੋਂ ਬਾਅਦ ਕਈ ਮੰਤਰੀਆਂ ਨੇ ਵੀ ਹਟਾਇਆ ਚੌਕੀਦਾਰ ਸ਼ਬਦ

Narender Modi

ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ''ਹੁਣ ਸਮਾਂ ਆ ਗਿਆ ਹੈ ਕਿ ਇਸ ਚੌਕੀਦਾਰ ਭਾਵਨਾ ਨੂੰ ਅਗਲੇ ਪੜਾਅ ਤੱਕ ਲਿਜਾਇਆ ਜਾਵੇ।'' ਮੋਦੀ ਨੇ ਕਿਹਾ ਕਿ ''ਮੈਂ ਟਵੀਟ ਨਾਲੋਂ ਚੌਕੀਦਾਰ ਸ਼ਬਦ ਹਟ ਰਿਹਾ ਹਾਂ ਪਰ ਇਹ ਮੇਰਾ ਅਭਿੰਨ ਅੰਗ ਰਹੇਗਾ, ਤੁਹਾਨੂੰ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰਦਾ ਹਾਂ।''

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਚੌਕੀਦਾਰ ਸ਼ਬਦ ਕਾਫ਼ੀ ਚਰਚਾ ਵਿਚ ਰਿਹਾ ਕਿਉਂਕਿ ਕਾਂਗਰਸ ਸਮੇਤ ਵਿਰੋਧੀ ਦਲ ਪ੍ਰਧਾਨ ਮੰਤਰੀ ਮੋਦੀ ਨੂੰ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਨਿਸ਼ਾਨਾ ਬਣਾਉਣ ਲਈ ਅਪਣੀਆਂ ਚੋਣ ਰੈਲੀਆਂ ਵਿਚ ''ਚੌਕੀਦਾਰ ਚੋਰ ਹੈ'' ਦਾ ਨਾਅਰਾ ਲਗਵਾਉਂਦੇ ਸਨ।

ਇਸ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਆਪੋ ਆਪਣੇ ਟਵਿੱਟਰ ਹੈਂਡਲ 'ਤੇ ਨਾਵਾਂ ਨਾਲ ਚੌਂਕੀਦਾਰ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਸੀ।

ਦੱਸ ਦਈਏ ਕਿ ਹੁਣ ਚੋਣਾਂ ਜਿੱਤਣ ਮਗਰੋਂ ਪ੍ਰਧਾਨ ਮੰਤਰੀ ਵਲੋਂ ਅਪਣੇ ਨਾਂਅ ਨਾਲੋਂ ਚੌਕੀਦਾਰ ਸ਼ਬਦ ਹਟਾਉਣ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ, ਰੇਲ ਮੰਤਰੀ ਪਿਊਸ਼ ਗੋਇਲ, ਸਿਹਤ ਮੰਤਰੀ ਜੇਪੀ ਨੱਡਾ, ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਪ੍ਰਕਾਸ਼ ਜਾਵਡੇਕਰ, ਰਵੀ ਸ਼ੰਕਰ ਪ੍ਰਸਾਦ ਅਤੇ ਡਾ. ਹਰਸ਼ਵਰਧਨ ਸਮੇਤ ਸਾਰੇ ਭਾਜਪਾ ਨੇਤਾਵਾਂ ਨੇ ਟਵਿੱਟਰ 'ਤੇ ਆਪਣੇ ਨਾਂਅ ਨਾਲੋਂ ਚੌਕੀਦਾਰ ਸ਼ਬਦ ਹਟਾ ਲਿਆ।