ਪੰਜ ਸੂਬਿਆਂ ਵਿਚ ਭਾਜਪਾ ਨੇ ਫੇਰਿਆ ਹੁੰਝਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਗੁਜਰਾਤ ਵਿਚ ਜਿਤੀਆਂ ਸਾਰੀਆਂ ਸੀਟਾਂ 

BJP sweeps 5 states of India

ਨਵੀਂ ਦਿੱਲੀ : ਪਿਛਲੇ ਸਾਲ 2018 ਵਿਚ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਲੋਕ ਸਭਾ ਚੋਣਾਂ ਵਿਚ ਦੇਸ਼ ਦੀ ਸੱਭ ਤੋਂ ਵੱਡੀ ਪਾਰਟੀ ਬਣ ਕੇ ਭਾਜਪਾ ਨੇ ਲੋਕਾਂ ਦਾ ਭਰੋਸਾ ਹਾਸਲ ਕਰ ਲਿਆ ਹੈ। ਲੋਕ ਸਭਾ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਭਾਜਪਾ ਪੂਰੇ ਬਹੁਮਤ ਨਾਲ ਮੁੜ ਦੇਸ਼ ਦੀ ਸੱਤਾ ਵਿਚ ਆ ਗਈ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਹੀ ਹੈ ਕਿ ਉਹ ਲਗਾਤਾਰ ਦੂਜੀ ਵਾਰ ਲੋਕਾਂ ਦੀ ਪਸੰਦ ਬਣੇ ਹੋਏ ਹਨ।

ਪਸੰਦ ਵੀ ਇੰਨੀ ਜ਼ਿਆਦਾ ਕਿ ਭਾਰਤ ਦੇ ਛੇ ਸੂਬਿਆਂ ਵਿਚ ਤਾਂ ਭਾਜਪਾ ਨੇ ਸਾਰੀ ਦੀਆਂ ਸਾਰੀਆਂ ਸੀਟਾਂ ਹੀ ਹਾਸਲ ਕਰ ਕੇ ਵਿਰੋਧੀ ਨੂੰ ਕਰਾਰੀ ਹਾਰ ਦਿਤੀ ਹੈ। ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਵਿਚ ਤਾਂ ਭਾਜਪਾ ਨੇ ਹੁੰਝਾਫੇਰੂ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਦਿੱਲੀ ਦੀਆਂ ਸੱਤ, ਹਿਮਾਚਲ ਪ੍ਰਦੇਸ਼ ਦੀਆਂ ਚਾਰ, ਹਰਿਆਣਾ ਦੀਆਂ 10, ਰਾਜਸਥਾਨ ਦੀਆਂ 25 ਅਤੇ ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ-ਨਾਲ ਭਾਜਪਾ ਨੇ ਬਾਕੀ ਸੂਬਿਆਂ ਵਿਚ ਵੀ ਹੁੰਝਾ ਤਾਂ ਨਹੀਂ ਫੇਰਿਆ ਪਰ ਵੱਡੀ ਜਿੱਤ ਹਾਸਲ ਕੀਤੀ ਹੈ।

ਇਨ੍ਹਾਂ ਚੋਣਾਂ ਵਿਚ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਵਿਚ ਭਰੋਸਾ ਪ੍ਰਗਟਾਇਆ ਹੈ ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ। ਮੋਦੀ ਸਰਕਾਰ ਵਲੋਂ ਕੀਤੀ ਗਈ ਨੋਟਬੰਦੀ, ਜੀਐਸਟੀ, ਪਾਕਿਸਤਾਨ ਵਿਰੁਧ ਕੀਤੇ ਗਏ ਹਵਾਈ ਹਮਲਿਆਂ ਨੂੰ ਭਾਰਤੀ ਜਨਤਾ ਨੇ ਪਸੰਦ ਕੀਤਾ ਹੈ ਅਤੇ ਸ਼ਾਇਦ ਇਨ੍ਹਾਂ ਨੀਤੀਆਂ ਕਾਰਨ ਹੀ ਮੋਦੀ ਮੁੜ ਤੋਂ ਬਹੁਮਤ ਨਾਲ ਕੇਂਦਰ ਦੀ ਸੱਤਾ ਵਿਚ ਆਏ ਹਨ।