ਤੇਜਿੰਦਰਪਾਲ ਸਿੰਘ ਬੱਗਾ ਮਾਮਲਾ : ਦਿੱਲੀ ਪੁਲਿਸ ਨੂੰ ਨੋਟਿਸ ਜਾਰੀ, ਪੰਜਾਬ ਪੁਲਿਸ ਦੀ ਪਟੀਸ਼ਨ 'ਤੇ HC ਨੇ ਮੰਗਿਆ ਜਵਾਬ
26 ਜੁਲਾਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ, 4 ਹਫ਼ਤਿਆਂ ਦੇ ਅੰਦਰ ਕੀਤਾ ਜਾਵੇਗਾ ਜਵਾਬ ਦਾਖ਼ਲ
ਅਗ਼ਵਾ ਮਾਮਲੇ ’ਚ FIR ਰੱਦ ਕਰਨ ਲਈ ਪੰਜਾਬ ਪੁਲਿਸ ਵਲੋਂ ਪਾਈ ਗਈ ਸੀ ਪਟੀਸ਼ਨ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਆਗੂ ਤੇਜਿੰਦਰਪਾਲ ਸਿੰਘ ਬੱਗਾ ਦੇ ਮਾਮਲੇ ਵਿਚ ਹੁਣ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਸਮੇਤ ਤੇਜਿੰਦਰਪਾਲ ਬੱਗਾ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਉਨ੍ਹਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਇਹ ਜਵਾਬ ਪੰਜਾਬ ਪੁਲਿਸ (Punjab Police) ਵਲੋਂ ਦਾਇਰ ਕੀਤੀ ਗਈ ਉਸ ਪਟੀਸ਼ਨ 'ਤੇ ਮੰਗਿਆ ਹੈ ਜਿਹੜੀ ਪੰਜਾਬ ਪੁਲਿਸ 'ਤੇ ਤੇਜਿੰਦਰਪਾਲ ਬੱਗਾ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਅਗ਼ਵਾ ਮਾਮਲੇ ’ਚ FIR ਰੱਦ ਕਰਨ ਲਈ ਦਾਇਰ ਕੀਤੀ ਸੀ। ਹੁਣ ਦਿੱਲੀ ਹਾਈ ਕੋਰਟ ਨੇ ਪੰਜਾਬ ਪੁਲਸ ਦੀ ਇਸ ਪਟੀਸ਼ਨ ’ਤੇ ਦਿੱਲੀ ਪੁਲਿਸ ਨੂੰ ਜਵਾਬ ਤਲਬ ਕੀਤਾ ਹੈ।
ਦੱਸ ਦੇਈਏ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (SAS Nagar) ਦੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ (Delhi High Court) ਦੀ ਜੱਜ ਅਨੂੰ ਮਲਹੋਤਰਾ ਨੇ ਕਿਹਾ ਕਿ ਬਚਾਓ ਪੱਖ ਵਲੋਂ 4 ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦਾਖ਼ਲ ਕੀਤਾ ਜਾਵੇਗਾ। ਉਨ੍ਹਾਂ ਨੇ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ ਜੁਲਾਈ ਤੱਕ ਸੂਚੀਬੱਧ ਕਰ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ 6 ਮਈ 2022 ਨੂੰ ਪੰਜਾਬ ਪੁਲਿਸ ਵਲੋਂ ਤੇਜਿੰਦਰਪਾਲ ਸਿੰਘ ਬੱਗਾ ਨੂੰ ਉਨ੍ਹਾਂ ਦੀ ਜਨਕਪੁਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਦਿੱਲੀ ਪੁਲਿਸ ਉਨ੍ਹਾਂ ਨੂੰ ਹਰਿਆਣਾ ਤੋਂ ਵਾਪਸ ਲੈ ਗਈ। ਦਿੱਲੀ ਪੁਲਿਸ ਦਾ ਇਲਜ਼ਾਮ ਸੀ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਇਸ ਗ੍ਰਿਫਤਾਰੀ ਬਾਰੇ ਪਹਿਲਾ ਜਾਣਕਾਰੀ ਨਹੀਂ ਦਿਤੀ ਸੀ। ਜਿਸ ਦੇ ਚਲਦੇ ਉਨ੍ਹਾਂ ਵਲੋਂ ਪੰਜਾਬ ਪੁਲਿਸ (Punjab Police) 'ਤੇ 6 ਮਈ ਦੀ ਰਾਤ 'ਤੇ ਤੇਜਿੰਦਰਪਾਲ ਸਿੰਘ ਬੱਗਾ ਨੂੰ ਅਗ਼ਵਾ ਕਰਨ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਸੀ। ਇਸ ਨੂੰ ਪੰਜਾਬ ਪੁਲਿਸ ਵਲੋਂ ਚੁਣੌਤੀ ਦਿਤੀ ਗਈ ਸੀ ਜਿਸ ਦੀ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਹੈ।