ਨਵੇਂ ਸੰਸਦ ਭਵਨ 'ਚ ਲਗਾਇਆ ਜਾਵੇਗਾ ਇਤਿਹਾਸਕ 'ਸੇਂਗੋਲ' : ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਕਰਨਗੇ ਸੰਸਦ ਭਵਨ ਦੀ ਉਸਾਰੀ 'ਚ ਯੋਗਦਾਨ ਪਾਉਣ ਵਾਲੇ 60 ਹਜ਼ਾਰ ਕਿਰਤੀਆਂ ਦਾ ਸਨਮਾਨ

Historical 'Sengol' will be installed in the new parliament building: Amit Shah

ਨਵੇਂ ਸੰਸਦ ਭਵਨ 'ਚ ਲਗਾਇਆ ਜਾਵੇਗਾ ਇਤਿਹਾਸਕ 'ਸੇਂਗੋਲ' : ਗ੍ਰਹਿ ਮੰਤਰੀ 
ਕਿਹਾ, ਸਿਆਸਤ ਚਲਦੀ ਰਹਿੰਦੀ ਹੈ, ਸੇਂਗੋਲ ਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ 
ਉਦਘਾਟਨ ਸਮਾਗਮ ਲਈ ਸਾਰੀਆਂ ਪਾਰਟੀਆਂ ਨੂੰ ਭੇਜਿਆ ਗਿਆ ਸੱਦਾ : ਸ਼ਾਹ 

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਬਰਤਾਨਵੀ ਸ਼ਾਸਨ ਦੁਆਰਾ ਭਾਰਤ ਨੂੰ ਸੌਂਪੀ ਗਈ ਸੱਤਾ ਦਾ ਪ੍ਰਤੀਕ ਇਤਿਹਾਸਕ ‘ਸੇਂਗੋਲ’ ਨਵੇਂ ਸੰਸਦ ਭਵਨ ਵਿਚ ਸਥਾਪਤ ਕੀਤਾ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ, ਉਦਘਾਟਨ ਸਮਾਗਮ ਵਿਚ ਇਕ ਇਤਿਹਾਸਕ ਪਰੰਪਰਾ ਨੂੰ ਮੁੜ ਸੁਰਜੀਤ ਹੋਵੇਗੀ, ਜਿਸ ਦੇ ਪਿੱਛੇ ਯੁੱਗਾਂ ਤੋਂ ਜੁੜੀ ਪਰੰਪਰਾ ਹੈ। ਇਸ ਨੂੰ ਤਮਿਲ ਵਿਚ ਸੇਂਗੋਲ ਕਿਹਾ ਜਾਂਦਾ ਹੈ, ਇਸ ਸ਼ਬਦ ਦਾ ਅਰਥ ਦੌਲਤ ਨਾਲ ਭਰਪੂਰ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, 14 ਅਗਸਤ 1947 ਨੂੰ ਇਕ ਅਨੋਖੀ ਘਟਨਾ ਵਾਪਰੀ ਸੀ। ਇਸ ਦੇ 75 ਸਾਲ ਬਾਅਦ ਅੱਜ ਦੇਸ਼ ਦੇ ਜ਼ਿਆਦਾਤਰ ਨਾਗਰਿਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਸੇਂਗੋਲ ਨੇ ਸਾਡੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸੇਂਗੋਲ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਬਣਿਆ ਸੀ। ਜਦੋਂ ਪੀਐਮ ਮੋਦੀ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪੂਰੀ ਜਾਂਚ ਕਰਵਾਈ ਗਈ। ਫਿਰ ਫ਼ੈਸਲਾ ਹੋਇਆ ਕਿ ਇਸ ਨੂੰ ਦੇਸ਼ ਦੇ ਸਾਹਮਣੇ ਰੱਖਿਆ ਜਾਵੇ। ਇਸ ਦੇ ਲਈ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦਿਨ ਚੁਣਿਆ ਗਿਆ।

ਇਹ ਵੀ ਪੜ੍ਹੋ: ਆਨੰਦ ਵਿਹਾਰ ਤੋਂ ਦੇਹਰਾਦੂਨ ਵਿਚਕਾਰ ਚਲੇਗੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ

'ਸੇਂਗੋਲ' ਹੁਣ ਇਲਾਹਾਬਾਦ ਦੇ ਇਕ ਅਜਾਇਬ ਘਰ ਵਿਚ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 'ਸੇਂਗੋਲ' ਨੂੰ ਅੰਗਰੇਜ਼ਾਂ ਤੋਂ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਲਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਗੇ। ਅਮਿਤ ਸ਼ਾਹ ਨੇ ਕਿਹਾ ਕਿ 'ਸੇਂਗੋਲ' ਦੀ ਸਥਾਪਨਾ ਦਾ ਉਦੇਸ਼ ਉਦੋਂ ਵੀ ਸਪੱਸ਼ਟ ਸੀ ਅਤੇ ਹੁਣ ਵੀ ਉਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦਾ ਤਬਾਦਲਾ ਸਿਰਫ਼ ਹੱਥ ਮਿਲਾਉਣ ਜਾਂ ਕਿਸੇ ਦਸਤਾਵੇਜ਼ 'ਤੇ ਦਸਤਖ਼ਤ ਕਰਨ ਦਾ ਨਹੀਂ ਹੈ ਅਤੇ ਇਸ ਨੂੰ ਆਧੁਨਿਕ ਲੋੜਾਂ ਨੂੰ ਧਿਆਨ ਵਿਚ ਰਖਦਿਆਂ ਸਥਾਨਕ ਪਰੰਪਰਾਵਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਸੇਂਗੋਲ ਅੱਜ ਉਸੇ ਭਾਵਨਾ ਨੂੰ ਦਰਸਾਉਂਦਾ ਹੈ ਜੋ ਜਵਾਹਰ ਲਾਲ ਨਹਿਰੂ ਨੇ 14 ਅਗਸਤ, 1947 ਨੂੰ ਮਹਿਸੂਸ ਕੀਤਾ ਸੀ।'' ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਵਾਂ ਸੰਸਦ ਭਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਦੀ ਮਿਸਾਲ ਹੈ।

ਉਨ੍ਹਾਂ ਕਿਹਾ, ''ਇਕ ਤਰ੍ਹਾਂ ਨਾਲ ਨਵਾਂ ਸੰਸਦ ਭਵਨ ਪ੍ਰਧਾਨ ਮੰਤਰੀ ਮੋਦੀ ਦੀ ਦੂਰਅੰਦੇਸ਼ੀ ਦਾ ਸਬੂਤ ਹੈ। ਇਹ ਇਕ ਨਵੇਂ ਭਾਰਤ ਦੇ ਨਿਰਮਾਣ ਵਿਚ ਸਾਡੀ ਸੱਭਿਆਚਾਰਕ ਵਿਰਾਸਤ, ਪਰੰਪਰਾ ਅਤੇ ਸਭਿਅਤਾ ਨੂੰ ਆਧੁਨਿਕਤਾ ਨਾਲ ਜੋੜਨ ਦਾ ਇਕ ਸੁੰਦਰ ਯਤਨ ਹੈ।

ਉਨ੍ਹਾਂ ਦਸਿਆ ਕਿ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਸੰਸਦ ਭਵਨ ਦੀ ਉਸਾਰੀ ਵਿਚ ਯੋਗਦਾਨ ਪਾਉਣ ਵਾਲੇ 60,000 ਕਿਰਤੀਆਂ ਦਾ ਸਨਮਾਨ ਵੀ ਕਰਨਗੇ। ਸ਼ਾਹ ਨੇ ਕਿਹਾ ਕਿ ਨਵੀਂ ਸੰਸਦ ਭਵਨ ਦੇ ਉਦਘਾਟਨ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਭੇਜਿਆ ਗਿਆ ਹੈ ਅਤੇ ਉਹ ਅਪਣੀ ਮਰਜ਼ੀ ਮੁਤਾਬਕ ਕਦਮ ਚੁੱਕਣ ਲਈ ਆਜ਼ਾਦ ਹਨ।