ਕੋਰੋਨਾ ਜੰਗ ਜਿੱਤਣ ਲਈ ਦਿੱਲੀ ਸਰਕਾਰ ਦਾ ਨਵਾਂ ਪਲਾਨ, 6 ਜੁਲਾਈ ਤੱਕ ਹੋਵੇਗੀ ਹਰ ਘਰ ਦੀ ਸਕਰੀਨਿੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ।

Covid19

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ। ਇਸ ਦੇ ਤਹਿਤ ਦਿੱਲੀ ਦੇ ਹਰ ਘਰ ਦੀ ਸਕਰੀਨਿੰਗ ਕੀਤੀ ਜਾਵੇਗੀ। ਦਾਵਾ ਕੀਤਾ ਜਾ ਰਿਹਾ ਹੈ ਕਿ 6 ਜੁਲਾਈ ਤੱਕ ਦਿੱਲੀ ਦੇ ਹਰ ਘਰ ਦੀ ਸਕਰੀਨਿੰਗ ਦਾ ਕੰਮ ਪੂਰਾ ਕਰ ਲਿਆ ਜਾਵੇਗਾ।

ਨਿਊ ਕੋਵਿਡ ਰਿਸਪਾਂਸ ਪਲਾਨ ਦੇ ਤਹਿਤ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਰੇ ਜ਼ੋਨਾਂ ਦੇ ਘਰਾਂ ਦੀ ਜਾਂਚ ਹੋਵੇਗੀ। ਹਾਲਾਂਕਿ ਕੇਜਰੀਵਾਲ ਸਰਕਾਰ ਦਾ ਕਹਿਣਾ ਹੈ ਕਿ 30 ਜੂਨ ਤੱਕ ਜਾਂਚ ਪੂਰੀ ਕਰ ਲੈਣ ਦੀ ਤਿਆਰੀ ਹੈ। ਫਿਰ ਵੀ ਅਨੁਮਾਨ ਮੁਤਾਬਕ 6 ਜੁਲਾਈ ਤੱਕ ਹਰ ਘਰ ਦੀ ਸਕਰੀਨਿੰਗ ਕੀਤੀ ਜਾਵੇਗੀ। ਦੱਸ ਦਈਏ ਕਿ ਰਾਜਧਾਨੀ ਦਿੱਲੀ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਭਾਰਤ ਵਿਚ ਕੋਰੋਨਾ ਵਾਇਰਸ ਪ੍ਰਭਾਵਿਤ ਮਰੀਜ ਵਾਲੇ ਸੂਬਿਆਂ ਵਿਚ ਸਭ ਤੋਂ ਵੱਡੀ ਗਿਣਤੀ ਦਿੱਲੀ ਤੋਂ ਹੈ। ਮੀਡੀਆ ਰਿਪੋਰਟ ਮੁਤਾਬਕ ਬੀਤੇ ਮੰਗਲਵਾਰ ਨੂੰ ਦਿੱਲੀ ਵਿਚ 3 ਹਜ਼ਾਰ 947 ਨਵੇਂ ਕੋਰੋਨਾ ਮਰੀਜਾਂ ਦੀ ਪਛਾਣ ਹੋਈ, ਜੋ ਇਕ ਦਿਨ ਵਿਚ ਦਰਜ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਕੋਰੋਨਾ ਵਾਇਰਸ ਸੰਕਟ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੀਤੇ ਹਫਤੇ ਇਕ ਮੀਟਿੰਗ ਹੋਈ ਸੀ।

ਇਸ ਮੀਟਿੰਗ ਤੋਂ  ਬਾਅਦ ਨਵਾਂ ਪਲਾਨ ਤਿਆਰ ਕੀਤਾ ਗਿਆ ਹੈ। ਫਿਲਹਾਲ ਦਿੱਲੀ ਵਿਚ ਕਰੀਬ 62000 ਲੋਕ ਕੋਰੋਨਾ ਸੰਕਰਮਿਤ ਹਨ। ਦੱਸ ਦਈਏ ਕਿ ਦਿੱਲੀ ਵਿਚ 261 ਅਜਿਹੇ ਇਲਾਕੇ ਹਨ, ਜਿੱਥੇ ਕੋਰੋਨਾ ਦਾ ਪ੍ਰਕੋਪ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਹੈ। ਇਹਨਾਂ ਮੁਹੱਲਿਆਂ ਵਿਚ ਨਿਗਰਾਨੀ ਹੋਰ ਗੰਭੀਰਤਾ ਨਾਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਤਾਂ ਜੋ ਕੋਰੋਨਾ ਚੇਨ ਨੂੰ ਤੋੜਿਆ ਜਾ ਸਕੇ।