ਨੌਜਵਾਨਾਂ ਵਿਚ ਦਿਖ ਰਿਹਾ ਹੈ ਕੋਰੋਨਾ ਦਾ ਖਤਰਨਾਕ ਰੂਪ, ਮਾਹਿਰਾਂ ਨੇ ਦਿੱਤੀ ਚੇਤਾਵਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ ਕੋਈ ਰਾਹਤ ਦੀ ਖ਼ਬਰ ਨਹੀਂ ਆਈ ਹੈ।

Corona virus

ਨਵੀਂ ਦਿੱਲੀ: ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ ਕੋਈ ਰਾਹਤ ਦੀ ਖ਼ਬਰ ਨਹੀਂ ਆਈ ਹੈ। ਪੂਰੀ ਦੁਨੀਆ ਵਿਚ ਇਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਹੁਣ ਤੱਕ ਇਸ ਦੀ ਕੋਈ ਵੈਕਸੀਨ ਨਹੀਂ ਬਣ ਸਕੀ ਹੈ। ਕੋਰੋਨਾ ਵਾਇਰਸ ਨਾਲ ਹੁਣ ਤੱਕ ਜ਼ਿਆਦਾਤਰ ਬਜ਼ੁਰਗ ਜਾਂ ਪਹਿਲਾਂ ਤੋਂ ਕਿਸੇ ਬਿਮਾਰੀ ਨਾਲ ਪੀੜਤ ਲੋਕ ਪ੍ਰਭਾਵਿਤ ਹੋ ਰਹੇ ਸੀ।

ਪਰ ਮਾਹਿਰਾਂ ਦਾ ਦਾਅਵਾ ਹੈ ਕਿ ਇਹ ਵਾਇਰਸ ਹੁਣ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਵੀ ਅਪਣਾ ਸ਼ਿਕਾਰ ਬਣਾ ਰਿਹਾ ਹੈ ਅਤੇ ਇਹੀ ਨਹੀਂ ਇਹ ਵਾਇਰਸ ਨੌਜਵਾਨਾਂ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ। ਅਮਰੀਕਾ ਦੇ ਪ੍ਰਮੁੱਖ ਸੰਕਰਮਕ ਰੋਗ ਮਾਹਿਰ ਡਾਕਟਰ ਐਂਥਨੀ ਫੌਚੀ ਨੇ ਮੰਗਲਵਾਰ ਨੂੰ ਕਿਹਾ ਕਿ ਡਾਕਟਰ ਅਤੇ ਸੰਕਰਮਕ ਰੋਗ ਮਾਹਿਰ ਕੋਰੋਨਾ ਵਾਇਰਸ ਵਾਲੇ ਨੌਜਵਾਨ ਮਰੀਜ਼ਾਂ ਵਿਚ ਵਧੇਰੇ ਪੇਚੀਦਗੀਆਂ ਦੇਖ ਰਹੇ ਹਨ।

ਦੱਸ ਦੇਈਏ ਕਿ ਜਦੋਂ ਇਸ ਵਾਇਰਸ ਦਾ ਪ੍ਰਭਾਵ ਅਮਰੀਕਾ ਵਿਚ ਫੈਲਣਾ ਸ਼ੁਰੂ ਹੋਇਆ ਤਾਂ ਖੋਜਕਰਤਾਵਾਂ ਨੇ ਕਿਹਾ ਕਿ ਇਹ ਵਾਇਰਸ ਨੌਜਵਾਨਾਂ ਲਈ ਖ਼ਤਰਨਾਕ ਨਹੀਂ ਹੈ ਅਤੇ ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਕਿਸੇ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਅਪਣੀ ਚਪੇਟ ਵਿਚ ਲੈ ਰਿਹਾ ਹੈ।

ਹਾਊਸ ਐਨਰਜੀ ਐਂਡ ਕਾਮਰਸ ਕਮੇਟੀ ਦੀ ਸੁਣਵਾਈ ਦੌਰਾਨ ਫਾਊਚੀ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਹੈ। ਉਹਨਾਂ ਨੇ ਕਿਹਾ, ‘ਇਹ ਸੋਚਣਾ ਗਲਤ ਹੈ ਕਿ ਇਹ ਵਾਇਰਸ ਨੌਜਵਾਨਾਂ ਲਈ ਘਾਤਕ ਨਹੀਂ ਹੈ। ਅਸੀਂ ਨੌਜਵਾਨਾਂ ਵਿਚ ਇਸ ਦੀ ਸਮੱਸਿਆ ਜ਼ਿਆਦਾ ਦੇਖ ਰਹੇ ਹਾਂ’। ਉਹਨਾਂ ਕਿਹਾ ਕਿ ਹੁਣ ਤੱਕ ਅਜਿਹਾ ਇਕ ਵੀ ਵਾਇਰਸ ਨਹੀਂ ਦੇਖਿਆ ਸੀ, ਜਿਸ ਦੇ ਇੰਨੇ ਜ਼ਿਆਦਾ ਲੱਛਣ ਹੋਣ।

ਉਹਨਾਂ ਕਿਹਾ, ‘ਕੁਝ ਲੋਕਾਂ ਵਿਚ ਇਸ ਦਾ ਕੋਈ ਲੱਛਣ ਨਹੀਂ ਹੈ, ਜਦਕਿ ਕੁਝ ਲੋਕਾਂ ਵਿਚ ਹਲਕੇ ਲੱਛਣ ਮਿਲਦੇ ਹਨ ਅਤੇ ਕੁਝ ਲੋਕਾਂ ਵਿਚ ਇੰਨੇ ਜ਼ਿਆਦਾ ਲੱਛਣ ਮਿਲਦੇ ਹਨ ਕਿ ਉਹਨਾਂ ਨੂੰ ਕੁਝ ਦਿਨਾਂ ਲਈ ਘਰ ‘ਤੇ ਹੀ ਰਹਿਣਾ ਪੈਂਦਾ ਹੈ। ਉੱਥੇ ਹੀ ਕਈ ਲੋਕਾਂ ਦੀ ਇਸ ਨਾਲ ਮੌਤ ਵੀ ਹੋ ਜਾਂਦੀ ਹੈ’। ਉਹਨਾਂ ਨੇ ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।