''ਕੀ ਸਿੱਖਾਂ 'ਤੇ ਇਸੇ ਤਰ੍ਹਾਂ ਲਗਦਾ ਰਹੇਗਾ ਅਤਿਵਾਦੀ ਹੋਣ ਦਾ ਠੱਪਾ''

ਏਜੰਸੀ

ਖ਼ਬਰਾਂ, ਰਾਸ਼ਟਰੀ

ਦੀਪ ਸਿੱਧੂ ਨੇ ਰਵਨੀਤ ਬਿੱਟੂ ਨੂੰ ਜਵਾਬ ਦਿੰਦਿਆਂ ਉਠਾਏ ਕਈ ਸਵਾਲ

Sikh Khalistan Congress

ਮੁੰਬਈ: ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਵੱਲੋਂ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ 'ਤੇ ਖ਼ਾਲਿਸਤਾਨ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਤਿੱਖਾ ਨਿਸ਼ਾਨਾ ਸਾਧਿਆ ਗਿਆ ਸੀ। ਇਸ ਤੇ ਹੁਣ ਦੀਪ ਸਿੱਧੂ ਨੇ ਵੀ ਪ੍ਰਤੀਕਿਰਿਆ ਦਿਖਾਈ ਹੈ।

ਜਦੋਂ ਵੀ ਕੋਈ ਵੱਖਰੀ ਗੱਲ ਕਰਦਾ ਹੈ ਤਾਂ ਉਸ ਨੂੰ ਦੇਸ਼ ਧ੍ਰੋਹੀ ਵਰਗੇ ਨਜ਼ਰੀਏ, ਵਿਚਾਰਧਾਰਾ ਤੋਂ ਦੇਖਿਆ ਜਾਂਦਾ ਹੈ ਜੋ ਕਿ ਸਰਾਸਰ ਹੀ ਗਲਤ ਹੈ, ਇਸ ਕਰ ਕੇ ਅਸੀਂ ਗੱਲ ਦੀ ਤੈਅ ਤਕ ਨਹੀਂ ਪਹੁੰਚ ਪਾਉਂਦੇ। ਇਸ ਗੱਲ ਦੀ ਪੜਚੋਲ ਹੋਣੀ ਬਹੁਤ ਹੀ ਜ਼ਰੂਰੀ ਹੈ। ਦੇਸ਼ ਵਿਚ ਜੇ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਹ ਕਿਸੇ ਹਾਲਾਤ ਦੇ ਚਲਦੇ ਪੈਦਾ ਹੁੰਦੀ ਹੈ ਤੇ ਜਦੋਂ ਇਹੋ ਜਿਹੇ ਹਾਲਾਤ ਬਣਦੇ ਹਨ ਤਾਂ ਉਸ ਵਿਚ ਘਟ ਗਿਣਤੀ ਵਾਲਿਆਂ ਨਾਲ ਬੇਇਨਸਾਫ਼ੀ ਕੀਤੀ ਜਾਂਦੀ ਹੈ।

ਜਿੱਥੇ ਬੇਇਨਸਾਫੀ ਪੈਦਾ ਹੋਵੇਗੀ ਤਾਂ ਉੱਥੇ ਟਕਰਾਅ ਵੀ ਪੈਦਾ ਹੋਵੇਗਾ ਅਤੇ ਤਣਾਅ ਵੀ ਪੈਦਾ ਹੋਵੇਗਾ। ਇਸ ਤਣਾਅ ਨੂੰ ਦੱਬਣ ਵਾਸਤੇ ਜਿਹੜੀ ਗੱਲ ਹਮੇਸ਼ਾ ਹੀ ਸਿਆਸਤਦਾਨਾਂ ਵੱਲੋਂ ਵਰਤੀ ਜਾਂਦੀ ਹੈ ਕਿ ਇਹ ਦੇਸ਼ ਧ੍ਰੋਹੀ ਗੱਲ ਹੋ ਗਈ ਹੈ ਤੇ ਦੇਸ਼ ਨੇ ਟੁੱਟ ਜਾਣਾ ਹੈ। ਇਸ ਤਰ੍ਹਾਂ ਕੀ ਹੋਵੇਗਾ ਕਿ ਪਰਚੇ ਦਰਜ ਕੀਤੇ ਜਾਣਗੇ ਪਰ ਇਹ ਕਿੰਨਾ ਕੁ ਸਮਾਂ ਚੱਲੇਗਾ। ਇਸ ਤਰ੍ਹਾਂ ਲੋਕਾਂ ਵਿਚ ਡਰ ਪੈਦਾ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਣਾ।

ਜਿਹੜੀ ਲੜਾਈ ਕਿਸੇ ਕੌਮ ਨੂੰ ਲੈ ਕੇ ਹੁੰਦੀ ਹੈ ਉਹ ਕਦੇ ਖਤਮ ਨਹੀਂ ਹੁੰਦੀ ਤੇ ਪੰਜਾਬੀ ਕੌਮ ਵਿਚ ਤਾਂ ਲਾਜ਼ਮੀ ਉੱਠੇਗੀ। ਜੇ ਦੇਸ਼ ਵਿਚ ਲੋਕਤੰਤਰ ਹੁੰਦਾ ਤਾਂ ਘਟ ਗਿਣਤੀ ਨੇ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਸੀ। ਜਿੱਥੇ ਕਿਤੇ ਵੀ ਘਟ ਗਿਣਤੀ ਲੋਕ ਹਨ ਉਹਨਾਂ ਨੂੰ ਅਸੁਰੱਖਿਆ ਇਸ ਲਈ ਮਹਿਸੂਸ ਹੁੰਦੀ ਹੈ ਕਿ ਉਹਨਾਂ ਦੇ ਹਿੱਤਾਂ ਦੀ ਗੱਲ ਨਹੀਂ ਹੁੰਦੀ। ਦੇਸ਼ ਵਿਚ ਦੋ ਪਾਰਟੀਆਂ ਵੱਡੇ ਪੱਧਰ ਤੇ ਆਹਮੋ-ਸਾਹਮਣੇ ਹਨ ਕਾਂਗਰਸ ਅਤੇ ਭਾਜਪਾ।

ਕਾਂਗਰਸ ਹਿੰਦੂ ਬਹੁ-ਗਿਣਤੀ ਨੂੰ ਧਰਮ ਨਿਰਪੱਖ ਤੇ ਪੇਸ਼  ਕਰਦੀ ਹੈ। ਸਭ ਤੋਂ ਜ਼ਿਆਦਾ ਗਿਣਤੀ ਹਿੰਦੂਆਂ ਦੀ ਪਰ ਹੋਰਨਾਂ ਲੋਕਾਂ ਨੇ ਉਹਨਾਂ ਨੂੰ ਕਦੇ ਵੱਖ ਨਹੀਂ ਮੰਨਿਆ ਤੇ ਉਹਨਾਂ ਨੂੰ ਹਮੇਸ਼ਾ ਭਰਾਵਾਂ ਦੀ ਤਰ੍ਹਾਂ ਹੀ ਵੇਖਿਆ ਹੈ। ਸਰਕਾਰ ਵੱਲੋਂ ਘਟ ਗਿਣਤੀ ਦੀ ਗੱਲ ਤਾਂ ਸੁਣੀ ਹੀ ਨਹੀਂ ਜਾਂਦੀ ਇਸ ਲਈ ਉਹ ਅਪਣੀ ਆਵਾਜ਼ ਚੁੱਕਦੇ ਹਨ। ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਸਰਕਾਰ ਨਵੇਂ ਨਵੇਂ ਹਥਕੰਡੇ ਅਪਣਾਉਂਦੀ ਹੈ ਤੇ ਉਹਨਾਂ ਨਾਲ ਝੂਠੇ ਵਾਅਦੇ ਕੀਤੇ ਜਾਂਦੇ ਹਨ।

ਤੇ ਜਦੋਂ ਝੂਠੇ ਵਾਅਦਿਆਂ ਨਾਲ ਕੁੱਝ ਨਹੀਂ ਬਣਦਾ ਤਾਂ ਸਰਕਾਰ ਅਪਣੀ ਪਾਵਰ ਨਾਲ ਲੋਕਾਂ ਦੇ ਜਬਰ-ਜ਼ੁਲਮ ਢਾਹੁੰਦੀ ਹੈ ਤੇ ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਫਿਰ ਸਰਕਾਰ ਸਫ਼ਾਈ ਦਿੰਦੀ ਨਹੀਂ ਥੱਕਦੀ ਕਿ ਇਹਨਾਂ ਲੋਕਾਂ ਦੇ ਜ਼ੁਲਮ ਇਸ ਲ਼ਈ ਕੀਤਾ ਗਿਆ ਸੀ ਕਿਉਂ ਕਿ ਇਹ ਲੋਕ ਦੇਸ਼ ਧ੍ਰੋਹੀ ਹਨ। ਲੋਕਾਂ ਨੂੰ ਅਤਿਵਾਦੀ ਕਹਿਣ ਦੀ ਗੱਲ ਹੋਵੇ ਤਾਂ ਸਿੱਖਾਂ ਨੂੰ ਪਹਿਲੇ ਨੰਬਰ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ।

ਉਹਨਾਂ ਨੂੰ ਹਰ ਇਕ ਮਾਧਿਅਮ ਰਾਹੀਂ ਇਹੀ ਟੈਗ ਦਿੱਤਾ ਜਾਂਦਾ ਹੈ ਤੇ ਲੋਕਾਂ ਦੇ ਦਿਮਾਗ਼ ਵਿਚ ਗੱਲ ਭਰੀ ਜਾਂਦੀ ਹੈ ਕਿ ਇਹ ਤਾਂ ਅੱਤਵਾਦੀ ਹੀ ਹਨ, ਇਹ ਦੇਸ਼ ਧ੍ਰੋਹੀ ਹਨ, ਇਹ ਦੇਸ਼ ਦਾ ਭਲਾ ਨਹੀਂ ਕਰ ਸਕਦੇ। ਅਜਿਹੀਆਂ ਪਾਲਸੀਆਂ ਨੂੰ ਹੁਲਾਰਾ ਨਾ ਦੇ ਕੇ ਇਹਨਾਂ ਤੇ ਵਿਸ਼ਲੇਸ਼ਣ ਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਇਹੋ ਜਿਹੇ ਹਾਲਾਤ ਖਤਮ ਹੋਣਗੇ ਤੇ ਦੇਸ਼ ਵਿਚ ਸ਼ਾਂਤੀ ਆਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।