ਪੰਥਕ ਜੁਗਤਿ ਅਧੀਨ ਸਿਧਾਂਤਕ ਨਿਰਣੈ ਲਏ ਬਗ਼ੈਰ ਸਿੱਖਾਂ ਦੇ ਮਤਭੇਦ ਨਹੀਂ ਘੱਟ ਸਕਦੇ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਾਤਾ ਸੁੰਦਰੀ ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਪ੍ਰੋ. ਹਰਿੰਦਰਪਾਲ ਸਿੰਘ ਨਾਲ ਹੋਈ ਗੁੰਡਾਗਰਦੀ ਦਾ ਵਰਨਣ ....

Giani Jagtar Singh Jachak

ਕੋਟਕਪੂਰਾ: ਮਾਤਾ ਸੁੰਦਰੀ ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਪ੍ਰੋ. ਹਰਿੰਦਰਪਾਲ ਸਿੰਘ ਨਾਲ ਹੋਈ ਗੁੰਡਾਗਰਦੀ ਦਾ ਵਰਨਣ ਕਰਦਿਆਂ 'ਰੋਜ਼ਾਨਾ ਸਪੋਕਸਮੈਨ' ਨੇ ਕੌਮੀ ਦਰਦ ਦਾ ਇੰਝ ਪ੍ਰਗਟਾਵਾ ਕੀਤਾ ਹੈ ਕਿ 'ਕੋਰੋਨਾ' ਵਰਗੀ ਸੰਸਾਰ ਵਿਆਪੀ ਮਹਾਂਮਾਰੀ ਦਰਮਿਆਨ ਵੀ ਸਿੱਖਾਂ ਦੇ ਮਤਭੇਦ ਘਟਣ ਦੀ ਥਾਂ ਵੱਧ ਰਹੇ ਹਨ। ਮੇਰਾ ਖ਼ਿਆਲ ਹੈ ਕਿ ਅਜਿਹੇ ਮਤਭੇਦ ਤਦ ਤਕ ਨਹੀਂ ਘੱਟ ਸਕਦੇ, ਜਦ ਤਕ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਜੁਗਤਿ ਅਧੀਨ ਉਭਰਵੇਂ ਕੌਮੀ ਤੇ ਵਿਚਾਰਧਾਰਕ ਮਸਲਿਆਂ ਸਬੰਧੀ ਸਪੱਸ਼ਟ ਸਿਧਾਂਤਕ ਨਿਰਣੈ ਕਰ ਕੇ ਐਲਾਨੇ ਨਹੀਂ ਜਾਂਦੇ,

ਜੇਕਰ ਸਾਡੇ ਧਾਰਮਕ ਆਗੂਆਂ ਨੇ ਰਾਜਨੀਤਕ ਪ੍ਰਭਾਵ ਕਬੂਲਦਿਆਂ ਹੋਰ ਢਿੱਲਮਠ ਵਿਖਾਈ ਤਾਂ ਉਪਰੋਕਤ ਕਿਸਮ ਦੀ ਕਰਮਕਾਂਡੀ ਤੇ ਰੂੜੀਵਾਦੀ ਸੋਚ ਗੁਰਮਤਿ ਦੇ ਸਿਧਾਂਤਕ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਵੱਡੀ ਰੁਕਾਵਟ ਬਣ ਸਕਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਪੱਸ਼ਟ ਕੀਤਾ ਕਿ ਪ੍ਰੋ. ਹਰਿੰਦਰਪਾਲ ਸਿੰਘ ਦਿੱਲੀ ਵਲੋਂ ਪ੍ਰਗਟਾਏ ਵਿਚਾਰ 100 ਫ਼ੀ ਸਦੀ ਗੁਰਮਤਿ ਅਨੁਸਾਰੀ ਹਨ, ਕਿਉਂਕਿ ਸਿੱਖੀ 'ਚ ਸਰੀਰਕ ਅਰੋਗਤਾ ਲਈ ਦੁਆ (ਅਰਦਾਸ) ਤੇ ਦਵਾ-ਦਾਰੂ ਦਾ ਸੁਮੇਲ ਹੀ ਸੁਖਦਾਈ ਸਾਧਨ ਹੈ।

ਇਸ ਕਰ ਕੇ ਗੁਰੂ-ਕਾਲ ਤੋਂ ਹੀ ਗੁਰਦੁਆਰਾ ਸਾਹਿਬਾਨ ਨਾਲ ਹਸਪਤਾਲ (ਦਵਾਖ਼ਾਨੇ) ਬਣਾਏ ਜਾਂਦੇ ਰਹੇ ਹਨ। “ਸਰਬ ਰੋਗ ਕਾ ਅਉਖਦੁ ਨਾਮੁ'' ਦਾ ਇਹ ਭਾਵ-ਅਰਥ ਨਹੀਂ ਕਿ ਗੁਰਬਾਣੀ ਦਾ ਪਾਠ ਕਰਨ ਵਾਲੇ ਨੂੰ ਅਥਵਾ ਨਾਮ-ਸਿਮਰਨ ਵਾਲੇ ਨੂੰ ਦਵਾਈ ਦੀ ਲੋੜ ਨਹੀਂ। ਇਸ ਵਾਕ ਦਾ ਅਸਲ ਭਾਵ ਹੈ ਕਿ ਜੇ ਕਿਸੇ ਰਸਾਇਣਕ ਪਦਾਰਥ ਜਾਂ ਜੜ੍ਹੀ-ਬੂਟੀ 'ਚ ਕੋਈ ਰੋਗ-ਨਾਸ਼ਕ ਸ਼ਕਤੀ ਹੈ ਤਾਂ ਉਹ ਸਰਬ-ਵਿਆਪਕ ਰੱਬੀ ਨਾਮ ਦੀ ਹੈ

ਜਿਸ ਦਾ ਇਕ ਵਿਸ਼ੇਸ਼ ਗੁਣ 'ਦੁੱਖ-ਭੰਜਨ ਵੀ ਹੈ। ਇਸ ਲਈ ਜੇਕਰ ਕਿਸੇ ਦਵਾ-ਦਾਰੂ ਨਾਲ ਰੋਗ ਦੂਰ ਹੁੰਦਾ ਹੈ ਤਾਂ ਵੀ ਸਾਨੂੰ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਇਹੀ ਗਾਉਣਾ ਚਾਹੀਦਾ ਹੈ ''ਦੁਖ ਭੰਜਨੁ ਤੇਰਾ ਨਾਮੁ ਜੀ, ਦੁਖ ਭੰਜਨੁ ਤੇਰਾ ਨਾਮੁ||'' ਅਕਾਲੀ ਸਿੱਖ ਗੁਰਦੁਆਰਾ' ਵੈਨਕੂਵਰ ਦੇ ਮੁੱਖ ਗ੍ਰੰਥੀ ਗਿ. ਜਸਬੀਰ ਸਿੰਘ ਨੇ ਆਖਿਆ ਕਿ ਕਿਸੇ ਵੀ ਵਿਚਾਰਧਾਰਕ ਮਸਲੇ ਦੀ ਸਪੱਸ਼ਟਤਾ ਲਈ ਸਹਿਜਮਈ ਤੇ ਉਸਾਰੂ ਵਿਚਾਰ ਚਰਚਾ ਨੂੰ ਤਾਂ ਸਿੱਖੀ 'ਚ ਪ੍ਰਵਾਨ ਕੀਤਾ ਗਿਆ ਹੈ

ਪਰ ਝਗੜਾਲੂ ਤਕਰਾਰ 'ਤੇ ਕੁਚਰਚਾ ਨੂੰ ਇਥੇ ਕੋਈ ਥਾਂ ਨਹੀਂ। ਉਨ੍ਹਾਂ ਵੀ ਸਵਾਲ ਖੜਾ ਕੀਤਾ ਕਿ ਜੇ ਗੁਰਧਾਮਾਂ ਨਾਲ ਸਬੰਧਤ ਸਰੋਵਰਾਂ, ਬਉਲੀਆਂ ਤੇ ਚਉਬੱਚਿਆਂ ਦੇ ਜਲ ਨੂੰ ਅੰਮ੍ਰਿਤ ਮੰਨ ਕੇ ਚੁੱਲੇ ਲੈਣਾ ਹੀ ਸਿੱਖੀ ਹੈ ਤਾਂ ਫਿਰ ਸਿੱਖ ਰਹਿਤ ਮਰਿਆਦਾ ਅੰਦਰਲੀ 'ਅੰਮ੍ਰਿਤ-ਸੰਸਕਾਰ' ਦੀ ਵਿਧੀ ਅਪਣਾਉਣ ਦੀ ਕੀ ਲੋੜ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।