ਕੇਰਲ: ਵਾਇਨਾਡ 'ਚ ਰਾਹੁਲ ਗਾਂਧੀ ਦੇ ਦਫ਼ਤਰ 'ਚ ਭੰਨਤੋੜ, ਕਾਂਗਰਸ ਨੇ SFI ’ਤੇ ਲਗਾਏ ਇਲਜ਼ਾਮ
ਯੂਥ ਕਾਂਗਰਸ ਨੇ ਕਿਹਾ ਕਿ ਐਸਐਫਆਈ ਦੇ ਲੋਕ ਹੱਥਾਂ ਵਿਚ ਝੰਡੇ ਲੈ ਕੇ ਦਫ਼ਤਰ ਦੀਆਂ ਖਿੜਕੀਆਂ ਉੱਤੇ ਚੜ੍ਹ ਗਏ ਅਤੇ ਉਹਨਾਂ ਨੇ ਦਫ਼ਤਰ ਵਿਚ ਭੰਨਤੋੜ ਕੀਤੀ।
ਵਾਇਨਾਡ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਕੇਰਲ ਦੇ ਵਾਇਨਾਡ ਦਫ਼ਤਰ ਵਿਚ ਕੁਝ ਲੋਕਾਂ ਨੇ ਭੰਨਤੋੜ ਕੀਤੀ ਹੈ। ਕਾਂਗਰਸ ਨੇ ਇਸ ਦੇ ਪਿੱਛੇ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਹੱਥ ਹੋਣ ਦਾ ਇਲਜ਼ਾਮ ਲਗਾਇਆ ਹੈ। ਯੂਥ ਕਾਂਗਰਸ ਨੇ ਕਿਹਾ ਕਿ ਐਸਐਫਆਈ ਦੇ ਲੋਕ ਹੱਥਾਂ ਵਿਚ ਝੰਡੇ ਲੈ ਕੇ ਦਫ਼ਤਰ ਦੀਆਂ ਖਿੜਕੀਆਂ ਉੱਤੇ ਚੜ੍ਹ ਗਏ ਅਤੇ ਉਹਨਾਂ ਨੇ ਦਫ਼ਤਰ ਵਿਚ ਭੰਨਤੋੜ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਭੰਨਤੋੜ ਦੀ ਪੁਸ਼ਟੀ ਕੀਤੀ ਹੈ, ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।
Rahul Gandhi's MP Office Vandalised in Wayanad
ਰਾਹੁਲ ਗਾਂਧੀ ਦੇ ਦਫ਼ਤਰ ਵਿਚ ਕੁਰਸੀਆਂ ਨੂੰ ਤੋੜਿਆ ਗਿਆ ਅਤੇ ਦਫ਼ਤਰ ਦੇ ਕਰਮਚਾਰੀਆਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ ਗਈ। ਦਰਅਸਲ ਹਾਲ ਹੀ ਵਿਚ ਸੁਪਰੀਮ ਕੋਰਟ ਨੇ ਰਿਜ਼ਰਵ ਖੇਤਰਾਂ, ਜੰਗਲੀ ਜੀਵ ਅਸਥਾਨਾਂ ਅਤੇ ਰਾਸ਼ਟਰੀ ਪਾਰਕਾਂ ਦੇ ਆਲੇ ਦੁਆਲੇ ਦੇ ਇਕ ਕਿਲੋਮੀਟਰ ਦੇ ਖੇਤਰ ਨੂੰ ਈਕੋ-ਸੰਵੇਦਨਸ਼ੀਲ ਜ਼ੋਨ (ESZ) ਘੋਸ਼ਿਤ ਕੀਤਾ ਹੈ। ਇਸ ਫੈਸਲੇ ਤੋਂ ਨਾਰਾਜ਼ ਇਹ ਲੋਕ ਮੰਗ ਕਰਦੇ ਹਨ ਕਿ ਰਾਹੁਲ ਗਾਂਧੀ ਨੂੰ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ।
Rahul Gandhi's MP Office Vandalised in Wayanad
ਨਾ ਸਿਰਫ਼ ਰਾਹੁਲ ਗਾਂਧੀ ਦੇ ਦਫ਼ਤਰ ਦੀ ਭੰਨ-ਤੋੜ ਕੀਤੀ ਗਈ, ਸਗੋਂ ਦਫ਼ਤਰ ਦੇ ਕਰਮਚਾਰੀਆਂ ਦੀ ਕੁੱਟਮਾਰ ਵੀ ਕੀਤੀ ਗਈ। ਕਾਂਗਰਸੀ ਆਗੂ ਅਤੇ ਵਿਧਾਇਕ ਟੀ ਸਿੱਦੀਕੀ ਨੇ ਦੋਸ਼ ਲਾਇਆ ਕਿ ਇਹ ਪਹਿਲਾਂ ਤੋਂ ਯੋਜਨਾਬੱਧ ਹਮਲਾ ਸੀ। ਉਹਨਾਂ ਨੇ ਮੁੱਖ ਮੰਤਰੀ ਪੀ ਵਿਜਯਨ ਤੋਂ ਸੂਬੇ ਵਿਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਕੀਤੇ। ਤੇਲੰਗਾਨਾ ਕਾਂਗਰਸ ਦੇ ਟਵਿਟਰ ਹੈਂਡਲ ਤੋਂ ਰਾਹੁਲ ਗਾਂਧੀ ਦੇ ਦਫ਼ਤਰ ਵਿਚ ਭੰਨਤੋੜ ਦੇ ਹਾਲਾਤ ਸਾਂਝੇ ਕੀਤੇ ਗਏ ਹਨ।
Rahul Gandhi
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰਾਹੁਲ ਗਾਂਧੀ ਦੇ ਵਾਇਨਾਡ ਦਫ਼ਤਰ 'ਤੇ ਹੋਏ ਹਮਲੇ ਦੀ ਵੀਡੀਓ ਟਵਿਟਰ 'ਤੇ ਸ਼ੇਅਰ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਇਹ ਹਮਲਾ ਸੀਪੀਐਮ ਵਰਕਰਾਂ ਅਤੇ ਵਿਦਿਆਰਥੀ ਜਥੇਬੰਦੀ ਐਸਐਫਆਈ ਵੱਲੋਂ ਕੀਤਾ ਗਿਆ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ ਟੈਗ ਕਰਦੇ ਹੋਏ ਥਰੂਰ ਨੇ ਪੁੱਛਿਆ, “ਕੀ ਇਹ ਉਹਨਾਂ ਦਾ ਸਿਆਸੀ ਨਜ਼ਰੀਆ ਹੈ?”