2019 ਲੋਕ ਸਭਾ ਚੋਣਾਂ : EVM ਅਤੇ VVPAT 'ਚ ਗੜਬੜੀ ਦੇ 8 ਮਾਮਲੇ ਸਾਹਮਣੇ ਆਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ ਦੇ ਅਧਿਕਾਰੀ ਜਾਂਚ ਕਰਨਗੇ ਕਿ ਆਖ਼ਰ ਈਵੀਐਮ ਅਤੇ ਵੀਵੀਪੀਏਟੀ 'ਚ ਇੰਨਾ ਅੰਤਰ ਕਿਉਂ ਆਇਆ?

8 cases of VVPAT-EVM mismatch in Lok Sabha polls 2019

ਨਵੀਂ ਦਿੱਲੀ : 2019 ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਨੇ ਈਵੀਐਮ ਨੂੰ ਲੈ ਕੇ ਖੂਬ ਸ਼ੋਰ-ਸ਼ਰਾਬਾ ਕੀਤਾ ਸੀ। ਇਨ੍ਹਾਂ ਚੋਣਾਂ 'ਚ ਸਾਹਮਣੇ ਆਏ 8 ਮਾਮਲਿਆਂ 'ਚ ਵੀਵੀਪੈਟ ਅਤੇ ਈਵੀਐਮ ਦੀ ਗਿਣਤੀ 'ਚ ਸੱਭ ਤੋਂ ਵੱਡਾ ਫ਼ਰਕ ਮੇਘਾਲਿਆ ਦੇ ਸ਼ਿਲਾਂਗ ਸੰਸਦੀ ਖੇਤਰ 'ਚ ਹੋਇਆ। ਇਥੇ ਇਕ ਵੋਟਿੰਗ ਕੇਂਦਰ 'ਤੇ ਸੱਭ ਤੋਂ ਵੱਧ 34 ਵੀਵੀਪੈਟ ਪਰਚੀਆਂ ਅਤੇ ਈਵੀਐਮ ਤੋਂ ਮਿਲਾਨ 'ਚ ਅੰਤਰ ਨਿਕਲਿਆ। ਕਿਸੇ ਵੀ ਬੂਥ 'ਤੇ 34 ਦੀ ਗਿਣਤੀ ਸੱਭ ਤੋਂ ਵੱਧ ਹੈ।

ਆਂਧਰਾ ਪ੍ਰਦੇਸ਼ ਦੇ ਰਾਜਮਪੇਟ ਵੋਟਿੰਗ ਕੇਂਦਰ 'ਤੇ ਈਵੀਐਮ ਅਤੇ ਵੀਵੀਪੈਟ 'ਚ 7 ਦਾ ਮਿਲਾਨ ਨਹੀਂ ਹੋਇਆ ਹੈ। ਸ਼ਿਮਲਾ 'ਚ ਇਕ ਵੋਟਿੰਗ ਕੇਂਦਰ 'ਤੇ ਇਕ ਵੋਟ 'ਚ ਈਵੀਐਮ ਅਤੇ ਵੀਵੀਪੈਟ ਦਾ ਮਿਲਾਨ ਵੱਖ ਪਾਇਆ ਗਿਆ। ਰਾਜਸਥਾਨ 'ਚ ਚਿਤੌੜਗੜ੍ਹ ਅਤੇ ਪਾਲੀ ਚੋਣ ਖੇਤਰਾਂ 'ਚ ਇਕ-ਇਕ ਵੋਟਿੰਗ ਕੇਂਦਰ 'ਤੇ ਇਕ ਵੋਟ 'ਚ ਈਵੀਐਮ-ਵੀਵੀਪੈਟ ਦੀ ਗਿਣਤੀ 'ਤੇ ਫ਼ਰਕ ਹੈ। ਮਣੀਪੁਰ 'ਚ ਈਵੀਐਮ ਅਤੇ ਵੀਵੀਪੈਟ ਦੇ ਅੰਤਰ ਦੇ ਦੋ ਮਾਮਲੇ ਸਾਹਮਣੇ ਆਏ। ਇਥੇ ਇਕ ਵੋਟਿੰਗ ਕੇਂਦਰ 'ਤੇ 1 ਅਤੇ ਦੂਜੇ ਵੋਟਿੰਗ ਕੇਂਦਰ 'ਤੇ 2 ਵੋਟਾਂ 'ਚ ਅੰਤਰ ਪਾਇਆ ਗਿਆ ਹੈ।

ਚੋਣ ਕਮਿਸ਼ਨ ਦੇ ਅਧਿਕਾਰੀ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਨਗੇ ਕਿ ਆਖ਼ਰ ਈਵੀਐਮ ਅਤੇ ਵੀਵੀਪੀਏਟੀ 'ਚ ਇੰਨਾ ਅੰਤਰ ਕਿਉਂ ਆਇਆ। ਹਾਲਾਂਕਿ ਇਹ ਅਧਿਕਾਰੀ ਇਨ੍ਹਾਂ ਈਵੀਐਮ ਅਤੇ ਵੀਵੀਪੀਏਟੀ ਤਕ ਨਹੀਂ ਪੁੱਜੇ ਹਨ। ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਹਾਈ ਕੋਰਟ 'ਚ ਦਾਖ਼ਲ ਚੋਣ ਪਟੀਸ਼ਨਾਂ ਲਈ ਸੂਚਨਾਵਾਂ ਇਕੱਤਰ ਕਰ ਰਹੇ ਹਨ।

ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਤਕ ਸਾਡੀ ਜਾਣਕਾਰੀ ਹੈ, ਹਾਲੇ ਤਕ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਸਬੰਧੀ ਕੋਈ ਪਟੀਸ਼ਨ ਦਾਇਰ ਨਹੀਂ ਹੋਈ ਹੈ। ਈਵੀਐਮ ਅਤੇ ਵੀਵੀਪੀਏਟੀ ਮਿਲਾਨ ਨਾ ਹੋਣ ਦੇ 8 ਮਾਮਲੇ ਸਾਹਮਣੇ ਆਏ ਹਨ। ਅਜਿਹੇ 'ਚ ਛੇਤੀ ਹੀ ਈਵੀਐਮ ਅਤੇ ਵੀਵੀਪੀਏਟੀ ਦਾ ਮਿਲਾਨ ਨਾ ਹੋਣ ਦੀ ਜਾਂਚ ਕਰਾਂਗੇ।

ਚੋਣ ਕਮਿਸ਼ਨ ਦੇ ਸ਼ੁਰੂਆਤੀ ਅੰਕੜੇ ਮੁਤਾਬਕ ਕੁਲ 20,678 ਈਵੀਐਮ ਅਤੇ ਵੀਵੀਪੀਏਟੀ ਪਰਚੀਆਂ ਦੀ ਜਾਂਚ ਕੀਤੀ ਗਈ। ਇਸ 'ਚ ਲਗਭਗ 0.0004% ਈਵੀਐਮ ਅਤੇ ਵੀਵੀਪੀਏਟੀ 'ਚ ਅੰਤਰ ਸਾਹਮਣੇ ਆਇਆ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਕਿਸੇ ਮਨੁੱਖੀ ਗਲਤੀ ਕਾਰਨ ਹੋਇਆ ਹੋ ਸਕਦਾ ਹੈ।