ਸ਼ੰਕਰਾਚਾਰੀਆ ਨਹੀਂ ਬਣ ਸਕਦੀਆਂ ਔਰਤਾਂ : ਸਵਾਮੀ ਸਰੂਪਾਨੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਆਰਕਾ-ਸ਼ਾਰਦਾਪੀਠ ਅਤੇ ਜੋਤਿਸ਼ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਰੂਪਾਨੰਦ ਸਰਸਵਤੀ ਨੇ ਇਕ ਵਾਰ ਫਿਰ ਔਰਤਾਂ ਦੇ ਧਾਰਮਿਕ ਰਵਾਇਤਾਂ ਵਿਚ ਦਖ਼ਲ 'ਤੇ ਸਵਾਲ ...

Swami Swaroopanand Saraswati

ਮਥੁਰਾ : ਦੁਆਰਕਾ-ਸ਼ਾਰਦਾਪੀਠ ਅਤੇ ਜੋਤਿਸ਼ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਰੂਪਾਨੰਦ ਸਰਸਵਤੀ ਨੇ ਇਕ ਵਾਰ ਫਿਰ ਔਰਤਾਂ ਦੇ ਧਾਰਮਿਕ ਰਵਾਇਤਾਂ ਵਿਚ ਦਖ਼ਲ 'ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਹੋਰ ਖੇਤਰਾਂ ਦੇ ਵਾਂਗ ਰਾਜਨੀਤੀ ਵਿਚ ਤਾਂ ਜਾ ਸਕਦੀਆਂ ਹਨ ਪਰ ਉਹ ਸ਼ੰਕਰਾਚਾਰੀਆ ਵਰਗੀ ਸਨਾਤਨ ਸੰਸਥਾ ਦੀ ਨੁਮਾਇੰਦਗੀ ਨਹੀਂ ਕਰ ਸਕਦੀਆਂ। ਸਵਾਮੀ ਸਰੂਪਾਨੰਦ ਨੇ ਨੇਪਾਲ ਵਿਚ ਪਸ਼ੂਪਤੀਨਾਥ ਪੀਠ ਦੀ ਹੋਂਦ 'ਤੇ ਸਵਾਲ ਉਠਾਉਂਦੇ ਹੋਏ ਉਸ ਦੀ ਸਥਾਪਨਾ ਦੇ ਲਈ ਅਖਿਲ ਭਾਰਤੀ ਵਿਦਵਤ ਪ੍ਰੀਸ਼ਦ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। 

ਉਨ੍ਹਾਂ ਕਿਹਾ ਕਿ ਅਖਿਲ ਭਾਰਤੀ  ਵਿਦਵਤ ਪ੍ਰੀਸ਼ਦ ਦੇ ਨਾਮ ਨਾਲ ਖੜ੍ਹੀ ਕੀਤੀ ਗਈ ਸੰਸਥਾ ਨਕਲੀ ਸ਼ੰਕਰਾਚਾਰੀਆ ਘੜਨ ਦਾ ਕੰਮ ਕਰ ਰਹੀ ਹੈ। ਇਹੀ ਨਹੀਂ, ਇਸ ਨੇ ਪਿਛਲੇ ਦਿਨੀਂ ਨੇਪਾਲ ਵਿਚ ਪਸ਼ੂਪਤੀਨਾਥ ਦੇ ਨਾਮ ਨਾਲ ਇਕ ਨਵੀਂ ਪੀਠ ਹੀ ਬਣਾ ਦਿਤੀ। ਜਦਕਿ ਇਸ ਤਰ੍ਹਾਂ ਦੀ ਕੋਈ ਪੀਠ ਨਹੀਂ ਰਹੀ ਹੈ। ਉਨ੍ਹਾਂ ਨੇ ਇਸ ਪੀਠ 'ਤੇ ਮਹਿਲਾ ਸ਼ੰਕਰਚਾਰੀਆ ਦੀ ਨਿਯੁਕਤੀ 'ਤੇ ਵੀ ਸਵਾਲ ਉਠਾਇਆ। ਸਵਾਮੀ ਸਰੂਪਾਨੰਦ ਸਰਸਵਤੀ ਨੇ ਕਿਹਾ ਕਿ ਉਥੇ ਇਕ ਔਰਤ ਨੂੰ ਸ਼ੰਕਰਾਚਾਰੀਆ ਬਣਾ ਦਿਤਾ ਗਿਆ, ਜਦਕਿ ਕੋਈ ਵੀ ਔਰਤ ਸ਼ੰਕਰਾਚਾਰੀਆ ਅਹੁਦੇ 'ਤੇ ਬਿਰਾਜਮਾਨ ਨਹੀਂ ਹੋ ਸਕਦੀ।

ਅਜਿਹਾ ਵਿਧਾਨ ਖ਼ੁਦ ਆਦਿ ਸ਼ੰਕਰਾਚਾਰੀਆ ਦੁਆਰਾ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਾਂਸਦ, ਵਿਧਾਇਕ ਬਣਨ, ਇਹ ਚੰਗੀ ਗੱਲ ਹੈ ਪਰ ਘੱਟ ਤੋਂ ਘੱੱਟ ਧਰਮਾਚਾਰੀਆਂ ਨੂੰ ਤਾਂ ਛੱਡ ਦੇਣ। ਧਰਮ ਦੇ ਇਹ ਅਹੁਦੇ ਇਸਤਰੀ ਦੇ ਲਈ ਨਹੀਂ ਹਨ। ਉਨ੍ਹਾਂ ਅਪਦੀ ਗੱਲ ਸਿੱਧ ਕਰਨ ਦੇ ਲਈ ਤਰਕ ਵੀ ਦਿਤਾ ਕਿ ਜੋ ਸੰਵਿਧਾਨ ਇਕ ਦੇਸ਼ ਵਿਚ ਲਾਗੂ ਹੁੰਦਾ ਹੈ, ਉਹ ਉਸੇ ਰੂਪ ਵਿਚ ਦੂਜੇ ਦੇਸ਼ ਵਿਚ ਲਾਗੂ ਨਹੀਂ ਹੋ ਸਕਦਾ। ਉਸੇ ਤਰ੍ਹਾਂ ਕਿਸੇ ਨੂੰ ਸ਼ੰਕਰਾਚਾਰੀਆ ਬਣਾ ਦੇਣ ਦੀ ਵਿਵਸਥਾ ਮੰਨਣਯੋਗ ਨਹੀਂ ਹੋਵੇਗੀ। ਸ਼ੰਕਰਾਚਾਰੀਆ ਨੇ ਸ਼ਨੀ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਵੀ ਚਿਤਾਵਨੀ ਦਿਤੀ।

ਉਨ੍ਹਾਂ ਕਿਹਾ ਕਿ ਸ਼ਨੀ ਮੰਦਰ ਵਿਚ ਇਸਤਰੀ ਦਾ ਦਾਖ਼ਲਾ ਵਰਜਿਤ ਹੈ ਕਿਉਂਕਿ ਸ਼ਨੀ ਕਰੂਰ ਗ੍ਰਹਿ ਹੈ। ਉਸ ਦੇ ਨਜ਼ਰ ਜੇਕਰ ਇਸਤਰੀ 'ਤੇ ਪਈ ਤਾਂ ਉਸ ਨੂੰ ਨੁਕਸਾਨ ਹੋ ਸਕਦਾ ਹੈ ਪਰ ਸਮਾਨਤਾ ਦੇ ਆਧਾਰ 'ਤੇ ਕਿਹਾ ਜਾਂਦਾ ਹੈ ਕਿ ਇਸਤਰੀ ਵੀ ਸ਼ਨੀ ਦੀ ਪੂਜਾ ਕਰੇਗੀ। ਹੁਣ ਇਸ ਨਾਲ ਇਸਤਰੀ ਦਾ ਜੋ ਨੁਕਸਾਨ ਹੋਵੇਗਾ, ਉਸ ਤੋਂ ਉਸ ਨੂੰ ਕੌਣ ਬਚਾਏਗਾ?

ਸਵਾਮੀ ਸਰੂਪਾਨੰਦ ਨੇ ਇਹ ਗੱਲ ਵ੍ਰਿੰਦਾਵਣ ਦੇ ਉੜੀਆ ਆਸ਼ਰਮ ਵਿਚ ਸਾਬਕਾ ਫ਼ਿਲਮ ਅਦਾਕਾਰਾ ਅਤੇ ਸਥਾਨਕ ਸਾਂਸਦ ਹੇਮਾ ਮਾਲਿਨੀ ਦੇ ਪਹੁੰਚਣ 'ਤੇ ਆਖੀ। ਹੇਮਾ ਮਾਲਿਨੀ ਨੇ ਸ਼ੰਕਰਚਾਰੀਆ ਦੇ ਪੈਰਾਂ ਵਿਚ ਫੁੱਲ ਚੜ੍ਹਾ ਕੇ ਆਸ਼ੀਰਵਾਦ ਵੀ ਲਿਆ।