ਭਾਰਤ ਵਿਚ ਕਾਲ ਬਣ ਕੇ ਆਉਂਦੇ ਨੇ ਹੜ੍ਹ, 64 ਸਾਲਾਂ ਵਿਚ ਲਈ 1 ਲੱਖ ਲੋਕਾਂ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1952 ਤੋਂ 2017 ਤੱਕ 64 ਸਾਲਾਂ ਵਿਚ ਹੜ੍ਹ ਕਾਰਨ ਦੇਸ਼ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ (1,07,535) ਦੀ ਮੌਤ ਹੋ ਚੁੱਕੀ ਹੈ।

Floods in India

ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਹੜ੍ਹ ਕਾਰਨ ਦੇਸ਼ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੱਖਣੀ ਭਾਰਤ ਦੇ ਕੇਰਲ ਅਤੇ ਕਰਨਾਟਕ, ਪੱਛਮੀ ਭਾਰਤ ਦੇ ਮਹਾਰਾਸ਼ਟਰ, ਮੱਧ ਭਾਰਤ ਸਮੇਤ ਦੇਸ਼ ਦੇ ਦੂਜੇ ਹਿੱਸੇ ਵਿਚ ਆਏ ਹੜ੍ਹ ਨੇ ਇਸ ਸਾਲ ਹੁਣ ਤੱਕ 113 ਲੋਕਾਂ ਦੀ ਜਾਨ ਲੈ ਲਈ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1952 ਤੋਂ 2017 ਤੱਕ 64 ਸਾਲਾਂ ਵਿਚ ਹੜ੍ਹ ਕਾਰਨ ਦੇਸ਼ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ (1,07,535) ਦੀ ਮੌਤ ਹੋ ਚੁੱਕੀ ਹੈ। ਭਾਵ ਹਰ ਸਾਲ ਔਸਤਨ 1,654 ਲੋਕਾਂ ਦੀ ਮੌਤ ਹੜ੍ਹ ਕਾਰਨ ਹੋ ਜਾਂਦੀ ਹੈ।

ਇੰਨਾ ਹੀ ਨਹੀਂ 1953 ਤੋਂ 2017 ਵਿਚਕਾਰ ਹੜ੍ਹ ਕਾਰਨ 60 ਲੱਖ ਤੋਂ ਜ਼ਿਆਦਾ ਪਸ਼ੂ ਵੀ ਅਪਣੀ ਜਾਨ ਗੁਆ ਚੁੱਕੇ ਹਨ। ਭਾਵ ਹਰ ਸਾਲ ਔਸਤਨ 93,067 ਪਸ਼ੂਆਂ ਦੀ ਵੀ ਮੌਤ ਹੜ੍ਹ ਕਾਰਨ ਹੋ ਜਾਂਦੀ ਹੈ। ਜੇਕਰ ਇਹ ਅੰਕੜੇ ਤੁਹਾਨੂੰ ਪਰੇਸ਼ਾਨ ਕਰਦੇ ਹਨ ਤਾਂ ਇਹ ਖ਼ਬਰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਹੈ ਆਈਆਈਟੀ ਗਾਂਧੀਨਗਰ ਦੇ ਵਿਗਿਆਨਕਾਂ ਦੀ ਇਕ ਖੋਜ ਮੁਤਾਬਕ ਆਉਣ ਵਾਲੇ ਸਮੇਂ ਵਿਚ ਹੜ੍ਹ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ।

ਜਰਨਲ ਵੇਦਰ ਐਂਡ ਕਲਾਈਮੇਟ ਐਕਸਟ੍ਰੀਮ ਵਿਚ ਪ੍ਰਕਾਸ਼ਿਤ ਇਸ ਖੋਜ ਵਿਚ ਰਿਹਾ ਗਿਆ ਹੈ ਕਿ ਕਾਰਬਨ ਨਿਕਾਸ ਅਤੇ ਜਲਵਾਯੂ ਪਰਿਵਰਤਨ ਕਾਰਨ ਭਾਰਤ ਵਿਚ ਵੀ ਭਾਰੀ ਬਾਰਿਸ਼ ਅਤੇ ਹੜ੍ਹ ਹੁਣ ਆਮ ਘਟਨਾ ਬਣਦੇ ਜਾ ਰਹੇ ਹਨ। ਵਿਗਿਆਨਕਾਂ ਨੇ ਇਸ ਖੋਜ ਲਈ 1901 ਤੋਂ 2015 ਦੌਰਾਨ ਭਾਰਤ ਦੇ ਮੌਸਮ ਵਿਭਾਗ ਦੇ ਜਲਵਾਯੂ ਅਤੇ ਬਾਰਿਸ਼ ਦੇ ਅੰਕੜਿਆਂ ਦੀ ਵਰਤੋਂ ਕੀਤੀ ਸੀ।

ਖੋਜ ਮੁਤਾਬਕ ਤੇਜ਼ੀ ਨਾਲ ਹੋ ਰਹੇ ਮੌਸਮ ਵਿਚ ਤਬਦੀਲੀ ਭਾਵ ਜਲਵਾਯੂ ਪਰਿਵਰਤਨ ਕਾਰਨ ਹੋ ਰਹੀਆਂ ਕਾਰਨ ਇਹਨਾਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਜੇਕਰ ਆਉਣ ਵਾਲੇ ਸਮੇਂ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਵਿਚ ਵੀ ਵਾਧਾ ਹੋਵੇਗਾ। ਸਰਕਾਰੀ ਅੰਕੜਿਆਂ ਮੁਤਾਬਕ 1953 ਤੋਂ 2017 ਤੱਕ ਹੜ੍ਹ ਕਾਰਨ ਦੇਸ਼ ਭਰ ਵਿਚ 8 ਕਰੋੜ ਤੋਂ ਜ਼ਿਆਦਾ ਘਰ ਹਾਦਸਾਗ੍ਰਸਤ ਹੋ ਗਏ, ਜਿਸ ਨਾਲ 53,774 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਹੜ੍ਹ ਕਾਰਨ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। 2017 ਤੱਕ ਹੜ੍ਹ ਕਾਰਨ 1 ਲੱਖ ਕਰੋੜ ਤੋਂ ਜ਼ਿਆਦਾ ਕੀਮਤ ਦੀ ਫ਼ਸਲ ਬਰਬਾਦ ਹੋ ਗਈ। ਸਰਕਾਰੀ ਅੰਕੜਿਆਂ ਮੁਤਾਬਕ 1953 ਤੋਂ 2017 ਤੱਕ ਹੜ੍ਹ ਕਾਰਨ ਹੋਏ ਕੁੱਲ ਨੁਕਸਾਨ ਦਾ ਮੁਲਾਂਕਣ ਕਰੀਏ ਤਾਂ ਇਹ ਅੰਕੜਾ 3,78,247 ਕਰੋੜ ਰੁਪਏ ਤੱਕ ਪਹੁੰਚ ਜਾਂਦਾ ਹੈ।

ਭਾਰਤ ਵਿਚ 70 ਤੋਂ 90 ਫੀਸਦੀ ਬਾਰਿਸ਼ ਮਾਨਸੂਨ ਦੇ ਚਾਰ ਮਹੀਨਿਆਂ ਯਾਨੀ ਜੂਨ ਤੋਂ ਸਤੰਬਰ ਵਿਚ ਹੁੰਦੀ ਹੈ। ਵਿਸ਼ਵ ਬੈਂਕ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ਵਿਚ ਹੜ੍ਹ ਨਾਲ ਹੋਣ ਵਾਲੀਆਂ ਮੌਤਾਂ ਵਿਚੋਂ 20 ਫੀਸਦੀ ਮੌਤਾਂ ਭਾਰਤ ਵਿਚ ਹੁੰਦੀਆਂ ਹਨ। ਰਿਪੋਰਟਾਂ ਵਿਚ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਲਵਾਯੂ ਪਰਿਵਰਤਨ ਕਾਰਨ 2050 ਤੱਕ ਦੇਸ਼ ਦੀ ਅੱਧੀ ਅਬਾਦੀ ਦੇ ਰਹਿਣ-ਸਹਿਣ ਵਿਚ ਹੋਰ ਜ਼ਿਆਦਾ ਗਿਰਾਵਟ ਆ ਸਕਦੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੇ ਦੱਖਣੀ ਖੇਤਰ ਵਿਚ ਤਾਪਮਾਨ ਵਧ ਰਿਹਾ ਹੈ ਅਤੇ ਇਹ ਅਗਲੇ ਕੁਝ ਦਹਾਕਿਆਂ ਤੱਕ ਲਗਾਤਾਰ ਵਧਦਾ ਰਹੇਗਾ। ਇਸ ਕਾਰਨ ਹੜ੍ਹ ਆਉਣਗੇ ਅਤੇ ਪੀਣ ਵਾਲੇ ਪਾਣੀ ਦੀ ਮੰਗ ਵਧੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।