ਹੜ੍ਹਾਂ ਤੋਂ ਅੱਕੇ ਲੋਕਾਂ ਨੇ ਸਰਕਾਰ ਨੂੰ ਪਾਈਆਂ ਲਾਹਣਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਜ ਤਕ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ

Special flood report from village Nasibpur

ਜਲੰਧਰ : ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਸਥਾਨਕ ਲੋਕਾਂ ਦੀ ਮਦਦ ਕਰਨ ਲਈ ਫ਼ੌਜ ਤਾਇਨਾਤ ਕੀਤੀ ਗਈ ਹੈ। ਫ਼ਿਰੋਜ਼ਪੁਰ, ਰੋਪੜ, ਅਨੰਦਪੁਰ ਸਾਹਿਬ, ਜਲੰਧਰ, ਸੁਲਤਾਨਪੁਰ ਲੋਧੀ ਆਦਿ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਹੜ੍ਹ ਦਾ ਪਾਣੀ ਅਜੇ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਘਰਾਂ ਵਿਚ ਫਸੇ ਸੈਂਕੜੇ ਪਰਵਾਰਾਂ ਨੂੰ ਫ਼ੌਜ ਵਲੋਂ ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੈ। ਇਸ ਮੌਕੇ 'ਸਪੋਕਸਮੈਨ ਟੀਵੀ' ਦੀ ਟੀਮ ਨੇ ਜ਼ਿਲ੍ਹਾ ਜਲੰਧਰ ਦੇ ਪਿੰਡ ਨਸੀਬਪੁਰ, ਜੋ ਹੜ੍ਹ ਦੀ ਮਾਰ ਝੱਲ ਰਿਹਾ ਹੈ, 'ਚ ਚੱਲ ਰਹੇ ਰਾਹਤ ਕਾਰਜਾਂ ਨੂੰ ਅੱਖੀਂ ਵੇਖਿਆ। 

ਪਿੰਡ ਨਸੀਬਪੁਰ 'ਚ ਪਸ਼ੂਆਂ ਲਈ ਚਾਰਾ ਲੈ ਕੇ ਪੁੱਜੇ ਨੌਜਵਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਹ ਚਾਰਾ ਮੂਲੇਵਾਲ ਅਰਾਈਆਂ ਸ਼ਾਹਕੋਟ ਤੋਂ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਜ ਤਕ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ। ਉਨ੍ਹਾਂ ਨੂੰ ਬਹੁਤ ਮੁਸ਼ਕਲ ਭਰਿਆ ਸਮਾਂ ਕੱਟਣਾ ਪੈ ਰਿਹਾ ਹੈ। ਜੇ ਸਰਕਾਰ ਨੇ ਸਮੇਂ ਸਿਰ ਬੰਨ੍ਹ ਦਾ ਪਾਣੀ ਰੋਕ ਦਿੱਤਾ ਹੁੰਦਾ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ।

ਨੌਜਵਾਨ ਨੇ ਦੱਸਿਆ ਕਿ ਇਕ ਪਾਸੇ ਸਰਕਾਰ ਬੁੱਤ ਬਣਾਉਣ 'ਤੇ ਪੈਸੇ ਖ਼ਰਚ ਰਹੀ ਹੈ, ਦੂਜੇ ਪਾਸੇ ਲੋਕ ਡੁੱਬ ਰਹੇ ਹਨ। ਬੁੱਤ ਬਣਾਉਣ ਨਾਲੋਂ ਵਧੀਆ ਹੁੰਦਾ ਤਾਂ ਪੱਕੇ ਬੰਨ੍ਹ ਬਣਾਏ ਜਾਂਦੇ।

ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਉਹ 'ਡਿਜ਼ੀਟਲ ਇੰਡੀਆ' ਬਣਾਉਣਗੇ, ਪਰ ਇਥੋਂ ਦੇ ਹਾਲਾਤ 'ਡਿੱਗੀ ਚਲ ਇੰਡੀਆ' ਜਿਹੇ ਹੋਏ ਪਏ ਹਨ। ਕਿਸਾਨਾਂ ਨੂੰ ਇਸ ਹੜ੍ਹ ਦੀ ਮਾਰ ਕਈ ਸਾਲਾਂ ਤਕ ਭੁਗਤਣੀ ਪਵੇਗੀ, ਜਿਸ ਦੇ ਨਤੀਜੇ ਥੋੜੇ ਦਿਨਾਂ 'ਚ ਖੁਦਕੁਸ਼ੀਆਂ ਦੇ ਰੂਪ 'ਚ ਵੇਖਣ ਨੂੰ ਮਿਲਣਗੇ। ਨੌਜਵਾਨਾਂ ਨੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਰਸਦ ਸਮਗਰੀ ਥੋੜੀ ਮਾਤਰਾ ਅਤੇ ਵਿਊਂਤਬੰਦੀ ਦੇ ਹਿਸਾਬ ਨਾਲ ਸਾਰੇ ਪਿੰਡਾਂ 'ਚ ਪਹੁੰਚਾਈ ਜਾਣੀ ਚਾਹੀਦੀ ਹੈ।