ਮਹਾਰਾਸ਼ਟਰ ਸਰਕਾਰ ਦੀ ਅਨੋਖੀ ਪਹਿਲ, ਹੁਣ ਆਦਿਵਾਸੀ ਔਰਤਾਂ ਚਲਾਉਣਗੀਆਂ ਬੱਸਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਆਦਿਵਾਸੀ ਔਰਤਾਂ ਨੂੰ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿਚ ਬਤੌਰ ਡਰਾਇਵਰ ਚੁਣਿਆ ਹੈ।

Tribal Women To Drive Maharashtra State Road Buses

ਨਵੀਂ ਦਿੱਲੀ: ਮਹਾਰਾਸ਼ਟਰ ਸਰਕਾਰ ਨੇ ਆਦਿਵਾਸੀ ਔਰਤਾਂ ਦੇ ਹੱਕ ਵਿਚ ਇਕ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਆਦਿਵਾਸੀ ਔਰਤਾਂ ਨੂੰ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਵਿਚ ਬਤੌਰ ਡਰਾਇਵਰ ਚੁਣਿਆ ਹੈ। ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸ਼ੁੱਕਰਵਾਰ ਨੂੰ ਔਰਤਾਂ ਨੂੰ ਬਸ ਡਰਾਇਵਰਾਂ ਦੇ ਰੂਪ ਵਿਚ ਰੁਜ਼ਗਾਰ ਦੇਣ ਦੀ ਨਿਗਮ ਦੀ ਪਹਿਲ ਦਾ ਉਦਘਾਟਨ ਕੀਤਾ ਹੈ। 163 ਔਰਤਾਂ ਨੂੰ ਇਸ ਪ੍ਰਾਜੈਕਟ ਲਈ ਚੁਣਿਆ ਗਿਆ ਹੈ।

ਇਹਨਾਂ ਔਰਤਾਂ ਨੂੰ ਡਰਾਈਵਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਸਮਾਰੋਹ ਵਿਚ ਸੂਬੇ ਦੇ ਟਰਾਂਸਪੋਰਟ ਮੰਤਰੀ ਦਿਵਾਕਰ ਰਾਵਤੇ ਨੇ ਕਿਹਾ ਕਿ ‘ਸਰਕਾਰ ਮਹਿਲਾ ਡਰਾਇਵਰਾਂ ਦੀ ਸੁਰੱਖਿਆ ‘ਤੇ ਫੋਕਸ ਕਰੇਗੀ। ਦੇਸ਼ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੀ ਪਹਿਲ ਹੋਈ ਹੈ, ਅਸੀਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ’।ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸੁਝਾਅ ਦਿੱਤਾ ਕਿ ਐਮਐਸਟੀਆਰਸੀ ਨੂੰ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਮਹਿਲਾ ਡਰਾਇਵਰਾਂ ਨੂੰ ਅਪਣੇ ਘਰਾਂ ਤੋਂ ਬਹੁਤ ਦੂਰ ਨਹੀਂ ਭੇਜਣਾ ਚਾਹੀਦਾ।

ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਡਰਾਇਵਰਾਂ ਨੂੰ ਬਾਹਰ ਰਹਿਣ ਲਈ ਸੁਰੱਖਿਅਤ ਥਾਂ ਵੀ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਨੂੰ ਸਿੱਖਿਆ ਦੇਣ ਅਤੇ ਉਹਨਾਂ  ਦਾ ਵਿਕਾਸ ਕਰਨ ਨਾਲ ਦੇਸ਼ ਅੱਗੇ ਵਧੇਗਾ। ਉਹਨਾਂ ਕਿਹਾ ਕਿ ਆਦਿਵਾਸੀ ਭਾਈਚਾਰਾ ਸਾਡੇ ਦੇਸ਼ ਦਾ ਮਹੱਤਵਪੂਰਨ ਹਿੱਸਾ ਹੈ। ਸਰਕਾਰ ਦੇ ਫ਼ੈਸਲੇ ਨਾਲ ਔਰਤਾਂ ਖੁਸ਼ ਦਿਖਾਈ ਦੇ ਰਹੀਆਂ ਹਨ।  ਚੁਣੀਆ ਗਈਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੀ ਨਹੀਂ ਸੋਚਿਆ ਸੀ ਕਿ ਉਹ ਡਰਾਇਵਰੀ ਵੀ ਕਰਨਗੀਆਂ। ਉਹਨਾਂ ਕਿਹਾ ਕਿ ਇਹ ਉਹਨਾਂ ਲਈ ਬਹੁਤ ਵਧੀਆ ਮੌਕਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।