ਜੇਕਰ ਮੋਦੀ MSP ਪੱਖੀ ਹਨ ਤਾਂ ਇਸ ਸਬੰਧੀ ਨਵਾਂ ਕਾਨੂੰਨ ਕਿਉਂ ਨਹੀਂ ਬਣਾਉਂਦੇ : ਪੀ. ਸਾਈਨਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕਾਨੂੰਨ ਬਣਾਉਣ ਤੋਂ ਮੋਦੀ ਨੂੰ ਕੌਣ ਰੋਕ ਸਕਦੈ

P Sainath

ਨਵੀਂ ਦਿੱਲੀ :  ਭਾਰਤੀ ਮੈਗਸਾਸੇ ਐਵਾਰਡ ਜੇਤੂ ਪੱਤਰਕਾਰ ਡਾ. ਪੀ. ਸਾਈਨਾਥ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੀ ਆਲੋਚਨਾ ਕੀਤੀ ਹੈ। ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ 3 ਖੇਤੀਬਾੜੀ ਬਿਲਾਂ ਨੂੰ ਲੈ ਕੇ ਉਨ੍ਹਾਂ ਵਲੋਂ 5 ਟਵੀਟ ਕੀਤੇ ਗਏ ਹਨ। ਇਨ੍ਹਾਂ ਟਵੀਟਸ ਵਿਚ ਉਨ੍ਹਾਂ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇ ਸੱਚ 'ਚ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ ਤਾਂ ਉਨ੍ਹਾਂ ਨੂੰ ਇਕ ਨਵਾਂ ਖੇਤੀਬਾੜੀ ਬਿਲ ਲੈ ਕੇ ਆਉਣਾ ਚਾਹੀਦਾ ਹੈ।  

ਸਾਈਨਾਥ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ ਉਹ ਕਦੇ ਵੀ ਐਮ.ਐਸ.ਪੀ. ਨੂੰ ਖ਼ਤਮ ਨਹੀਂ ਹੋਣ ਦੇਣਗੇ ਤਾਂ ਫਿਰ ਉਹ ਇਸ ਸਬੰਧੀ ਕੋਈ ਕਾਨੂੰਨ ਲਿਆ ਕੇ ਇਹ ਯਕੀਨੀ ਕਿਉਂ ਨਹੀਂ ਕਰਦੇ।  

ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ 2022 ਤਕ ਕਿਸਾਨਾਂ ਦੀ ਆਮਦਨੀ ਦੁਗਣੀ ਕਰ ਦੇਣਗੇ, ਜੋ ਚੰਗੀ ਗੱਲ ਹੈ। ਇਨ੍ਹਾਂ ਦਾਅਵਿਆਂ ਨੂੰ ਇਕ ਬਿਲ 'ਚ ਪਾਸ ਕਰਨ ਤੋਂ ਉਨ੍ਹਾਂ ਨੂੰ ਕੌਣ ਰੋਕ ਰਿਹਾ ਹੈ।

ਸਾਈਨਾਥ ਨੇ ਅੱਗੇ ਕਿਹਾ ਕਿ ਇਸ ਬਿਲ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਐਮ.ਐਸ.ਪੀ. ਦੀ ਗਾਰੰਟੀ ਭਾਵ ਸਵਾਮੀਨਾਥਨ ਫ਼ਾਰਮੂਲਾ, ਜਿਸ ਦਾ ਭਾਜਪਾ ਨੇ 2014 ਵਿਚ ਵਾਅਦਾ ਕੀਤਾ ਸੀ, ਨੂੰ ਵੱਡੇ ਵਪਾਰੀ, ਕੰਪਨੀਆਂ ਜਾਂ ਕੋਈ ਹੋਰ ਨਵਾਂ ਖ਼ਰੀਦਦਾਰ ਐਮ.ਐਸ.ਪੀ. ਤੋਂ ਹੇਠਾਂ ਚੀਜ਼ਾਂ ਨਹੀਂ ਖ਼ਰੀਦ ਸਕਣਗੇ। ਉਨ੍ਹਾਂ ਕਿਹਾ ਕਿ ਸੱਭ ਤੋਂ ਖ਼ਾਸ ਗੱਲ ਇਹ ਹੈ ਕਿ ਕਿਸਾਨਾਂ ਨੂੰ ਖ਼ੁਦ ਮੁਖ਼ਤਿਆਰੀ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤਾਕਿ ਐਮ.ਐਸ.ਪੀ. ਕਿਸਾਨਾਂ ਲਈ ਮਜ਼ਾਕ ਬਣ ਕੇ ਨਾ ਰਹਿ ਜਾਵੇ।