ਸੋਨਾਲੀ ਫੋਗਾਟ ਵੱਲੋਂ ਕਿਸਾਨਾਂ ਨੂੰ ‘ਲਫੰਗੇ’ ਕਹਿਣ ’ਤੇ ਪਰਿਵਾਰ ਨੇ ਮੰਗੀ ਮੁਆਫ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨਾਲੀ ਦੇ ਜੀਜਾ ਅਮਨ ਪੂਨੀਆ ਨੇ ਕਿਸਾਨ ਅੰਦੋਲਨ 'ਚ ਕਿਸਾਨਾਂ 'ਤੇ ਕੀਤੀ ਗਈ ਟਿੱਪਣੀ ਲਈ ਫੋਗਾਟ ਅਤੇ ਢਾਕਾ ਪਰਿਵਾਰ ਵੱਲੋਂ ਮੁਆਫੀ ਵੀ ਮੰਗੀ।

Sonali Phogat

 

ਹਿਸਾਰ: ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਖੇ ਜਾਟ ਧਰਮਸ਼ਾਲਾ ਵਿਚ ਸਰਵ ਖਾਪ ਦੀ ਮਹਾਂਪੰਚਾਇਤ ਹੋਈ। ਪੰਚਾਇਤ ਦੀ ਪ੍ਰਧਾਨਗੀ ਕੰਡੇਲਾ ਖਾਪ ਦੇ ਮੁਖੀ ਟੇਕਰਾਮ ਕੰਡੇਲਾ ਨੇ ਕੀਤੀ। ਸੋਨਾਲੀ ਦੀ ਬੇਟੀ ਯਸ਼ੋਧਰਾ ਵੀ ਪੁਲਿਸ ਸੁਰੱਖਿਆ 'ਚ ਜਾਟ ਧਰਮਸ਼ਾਲਾ ਪਹੁੰਚੀ। ਸੋਨਾਲੀ ਦੇ ਜੀਜਾ ਅਮਨ ਪੂਨੀਆ ਨੇ ਕਿਸਾਨ ਅੰਦੋਲਨ 'ਚ ਕਿਸਾਨਾਂ 'ਤੇ ਕੀਤੀ ਗਈ ਟਿੱਪਣੀ ਲਈ ਫੋਗਾਟ ਅਤੇ ਢਾਕਾ ਪਰਿਵਾਰ ਵੱਲੋਂ ਮੁਆਫੀ ਵੀ ਮੰਗੀ।

ਯਸ਼ੋਧਰਾ ਨੇ ਆਪਣੀ ਮਾਂ ਦੀ ਰਾਜਨੀਤਿਕ ਵਿਰਾਸਤ ਨੂੰ ਆਪਣੀ ਮਾਸੀ ਨੂੰ ਸੌਂਪਣ ਦਾ ਐਲਾਨ ਕੀਤਾ। ਪਰਿਵਾਰ ਨੇ ਕੁਲਦੀਪ ਬਿਸ਼ਨੋਈ 'ਤੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ, ਜਿਸ 'ਤੇ ਖਾਪ ਪੰਚਾਇਤ ਨੇ ਕੁਲਦੀਪ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ। ਅਮਨ ਪੂਨੀਆ ਨੇ ਕਿਹਾ ਕਿ ਸੋਨਾਲੀ ਨੇ ਕਿਸਾਨ ਅੰਦੋਲਨ ਵਿਚ ਕਿਸਾਨਾਂ ਬਾਰੇ ਕਹੇ ਗਏ ਸ਼ਬਦਾਂ ਲਈ ਮੁਆਫੀ ਮੰਗਦਾ ਹਾਂ। ਸੋਨਾਲੀ ਨੇ ਕਿਸਾਨਾਂ ਬਾਰੇ ਜੋ ਵੀ ਮਾੜੇ ਸ਼ਬਦ ਕਹੇ, ਉਸ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਸਾਨੂੰ ਉਸ ਦਾ ਅਫ਼ਸੋਸ ਹੈ।

ਇਸ ਤੋਂ ਬਾਅਦ ਸੋਨਾਲੀ ਦੇ ਭਰਾ ਰਿੰਕੂ ਢਾਕਾ, ਵਤਨ ਢਾਕਾ ਅਤੇ ਬੇਟੀ ਯਸ਼ੋਧਰਾ ਨੇ ਵੀ ਮਹਾਪੰਚਾਇਤ 'ਚ ਸੋਨਾਲੀ ਦੀ ਤਰਫੋਂ ਮੁਆਫੀ ਮੰਗੀ। ਰਿੰਕੂ ਢਾਕਾ ਨੇ ਕਿਹਾ ਕਿ ਅਸੀਂ ਸੋਨਾਲੀ ਨੂੰ ਕਿਹਾ ਸੀ ਕਿ ਤੁਸੀਂ ਕੀ ਕਿਹਾ, ਜਿਸ ਤੋਂ ਬਾਅਦ ਸੋਨਾਲੀ ਨੇ ਕਿਹਾ ਕਿ ਸੁਧੀਰ ਸਾਂਗਵਾਨ ਨੇ ਉਸ ਨੂੰ ਇਹ ਬਿਆਨ ਦੇਣ ਲਈ ਕਿਹਾ ਸੀ।
ਸੋਨਾਲੀ ਫੋਗਾਟ ਨੇ ਕਿਸਾਨ ਅੰਦੋਲਨ ਦੌਰਾਨ ਧਰਨੇ 'ਤੇ ਬੈਠੇ ਕਿਸਾਨਾਂ ਨੂੰ ‘ਲਫੰਗੇ’ ਕਿਹਾ ਸੀ। ਸੋਨਾਲੀ ਨੇ ਇਕ ਵੀਡੀਓ 'ਚ ਕਿਹਾ ਸੀ ਕਿ ਸਰਹੱਦ 'ਤੇ ਬੈਠੇ ਸਾਰੇ ਲੋਕ ਕਿਸਾਨ ਨਹੀਂ ਹਨ, ਇਹਨਾਂ ਵਿਚ ਕੁਝ ਲਫੰਗੇ ਵੀ ਹਨ, ਜਿਨ੍ਹਾਂ ਨੂੰ ਘਰ ਦਾ ਕੋਈ ਕੰਮ ਨਹੀਂ। ਬਾਰਡਰ 'ਤੇ ਬੈਠੇ ਲੋਕਾਂ ਨੂੰ ਮੁਫ਼ਤ ਸ਼ਰਾਬ ਅਤੇ ਚਿਕਨ ਮਿਲਦਾ ਹੈ। ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ।