ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਦੀ ਸੱਤਾ ਵਿਚ ਵਾਪਸੀ ਪਰ ਸੀਟਾਂ ਘਟੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ, ਲਟਕਵੀਂ ਵਿਧਾਨ ਸਭਾ ਬਣੇਗੀ

Maharashtra and Haryana: Ruling BJP headed for mixed results

ਮੁੰਬਈ/ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਐਲਾਨੇ ਨਤੀਜਿਆਂ ਮੁਤਾਬਕ ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਗਠਜੋੜ ਦੀ ਸੱਤਾ ਵਿਚ ਵਾਪਸੀ ਹੋ ਗਈ ਹੈ ਜਦਕਿ ਹਰਿਆਣਾ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਲਟਕਵੀਂ ਵਿਧਾਨ ਸਭਾ ਬਣਨ ਦੇ ਆਸਾਰ ਹਨ। ਹਰਿਆਣਾ ਵਿਚ 'ਸੱਤਾ ਦੀ ਚਾਬੀ' ਜਨਨਾਇਕ ਜਨਤਾ ਪਾਰਟੀ ਦੇ ਮੁਖੀ ਦੁਸ਼ਯੰਤ ਚੌਟਾਲਾ ਕੋਲ ਰਹਿ ਸਕਦੀ ਹੈ। ਉਹ 'ਕਿੰਗਮੇਕਰ' ਦੀ ਭੂਮਿਕਾ ਵਿਚ ਨਜ਼ਰ ਆ ਰਹੇ ਹਨ।

ਮਹਾਰਾਸ਼ਟਰ ਵਿਚ ਕਾਂਗਰਸ ਤੇ ਆਰਸੀਪੀ ਗਠਜੋੜ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਭਾਜਪਾ-ਸ਼ਿਵ ਸੈਨਾ ਦਾ ਬਹੁਮਤ ਦਾ ਅੰਕੜਾ ਘਟ ਗਿਆ ਹੈ। ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਮਗਰੋਂ ਹੋਈਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਵਿਚ ਭਗਵਾਂ ਪਾਰਟੀ ਦੇ 'ਜੇਤੂ ਰੱਥ' ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਹਰਿਆਣਾ ਵਿਚ ਭਾਜਪਾ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪਰ ਉਸ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ।

ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਵਿਚ ਨਾ ਸਿਰਫ਼ ਚੰਗਾ ਪ੍ਰਦਰਸ਼ਨ ਕੀਤਾ ਸਗੋਂ ਭਾਈਵਾਲ ਕਾਂਗਰਸ ਨਾਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਜਦਕਿ ਉਹ ਉਸ ਤੋਂ ਘੱਟ ਸੀਟਾਂ 'ਤੇ ਚੋਣ ਲੜੀ ਸੀ। ਹਰਿਆਣਾ ਵਿਚ ਹਿਸਾਰ ਦੇ ਸਾਬਕਾ ਸੰਸਦ ਮੈਂਬਰ 31 ਸਾਲਾ ਦੁਸ਼ਯੰਤ ਚੌਟਾਲਾ ਨੇ ਲਟਕਵੀਂ ਵਿਧਾਨ ਸਭਾ ਬਣਨ ਦੀ ਹਾਲਤ ਵਿਚ ਭਾਜਪਾ ਜਾਂ ਕਾਂਗਰਸਨਾਲ ਸਰਕਾਰ ਬਣਾਉਣ ਬਾਰੇ ਹਾਲੇ ਪੱਤੇ ਨਹੀਂ ਖੋਲ੍ਹੇ। ਉਸ ਦੀ ਪਾਰਟੀ ਨੇ ਨੌਂ ਸੀਟਾਂ ਜਿੱਤੀਆਂ ਹਨ।  

ਮਹਾਰਾਸ਼ਟਰ ਵਿਚ ਅਗਲੇ ਪੰਜ ਸਾਲਾਂ ਲਈ ਦੁਬਾਰਾ ਭਾਜਪਾ ਦੀ ਅਗਵਾਈ ਵਿਚ ਸਰਕਾਰ ਬਣ ਰਹੀ ਹੈ ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਪਾਰਟੀ ਦੇ ਅੰਕੜਿਆਂ ਵਿਚ ਕਮੀ ਦਰਜ ਕੀਤੀ ਗਈ ਹੈ ਜਦਕਿ ਸ਼ਿਵ ਸੈਨਾ ਅਤੇ ਐਨਸੀਪੀ ਨੇ ਅਪਣੇ ਪ੍ਰਦਰਸ਼ਨ ਵਿਚ ਸੁਧਾਰ ਕੀਤਾ ਹੈ। ਭਾਜਪਾ ਅਤੇ ਸ਼ਿਵ ਸੈਨਾ ਨੇ ਅੱਡੋ-ਅੱਡ ਚੋਣਾਂ ਲੜੀਆਂ ਸਨ। ਸ਼ਿਵ ਸੈਨਾ ਰਾਜ ਵਿਚ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ਦੇ ਗਠਨ ਦੇ ਕਰੀਬ ਇਕ ਮਹੀਨੇ ਮਗਰੋਂ ਇਸ ਦਾ ਹਿੱਸਾ ਬਣੀ ਸੀ। ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ ਅਹਿਮ ਚਿਹਰਿਆਂ ਵਿਚ ਮੁੱਖ ਮੰਤਰੀ ਦਵਿੰਦਰ ਫੜਨਵੀਸ, ਸ਼ਿਵ ਸੈਨਾ ਦੇ ਅਦਿਤਿਆ ਠਾਕਰੇ ਅਤੇ ਵਿਧਾਨ ਪਰਿਸ਼ਦ ਵਿਚ ਵਿਰੋਧੀ ਧਿਰ ਦੇ ਨੇਤਾ ਧਨੰਜੇ ਮੁੰਡੇ ਸ਼ਾਮਲ ਹਨ।

ਧਨੰਜੇ ਨੇ ਰੌਚਕ ਮੁਕਾਬਲੇ ਵਿਚ ਭਾਜਪਾ ਦੀ ਮੰਤਰੀ ਅਤੇ ਅਪਣੀ ਚਚੇਰੀ ਭੈਣ ਪੰਕਜਾ ਮੁੰਡੇ ਨੂੰ ਹਰਾਇਆ।  ਹੋਰ ਜੇਤੂ ਚਰਚਿਤ ਚਿਹਰਿਆਂ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਅਤੇ ਪ੍ਰਿਥਵੀਰਾਜ ਚਵਾਨ ਤੇ ਸਾਬਕਾ ਉਪ ਮੁੱਖ ਮੰਤਰੀ ਅਜਿਤ ਪਵਾਰ ਸ਼ਾਮਲ ਹਨ। ਚੋਣਾਂ ਤੋਂ ਪਹਿਲਾਂ ਦਲਬਦਲ ਕਰਨ ਵਾਲੇ ਆਗੂਆਂ ਦੀ ਹਾਰ ਹੋਈ ਹੈ ਜਿਨ੍ਹਾਂ ਵਿਚ ਸ਼ਿਵ ਸੈਨਾ ਵਿਚ 11 ਅਤੇ ਭਾਜਪਾ ਵਿਚ ਅੱਠ ਆਗੂ ਸ਼ਾਮਲ ਹੋਏ ਸਨ।

ਭਾਜਪਾ-ਸ਼ਿਵ ਸੈਨਾ ਸਰਕਾਰ ਬਣਾਏਗੀ : ਫੜਨਵੀਸ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਕਿਹਾ ਕਿ ਭਾਜਪਾ ਨੇ 2014 ਦੀ ਤੁਲਨਾ ਵਿਚ ਘੱਟ ਸੀਟਾਂ ਜਿੱਤੀਆਂ ਹਨ ਪਰ ਇਸ ਵਾਰ ਇਨ੍ਹਾਂ ਦਾ 'ਸਟਰਾਈਕ ਰੇਟ' ਬਿਹਤਰ ਹੈ। ਫੜਨਵੀਸ ਨੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਸਪੱਸ਼ਟ ਅਤੇ ਫ਼ੈਸਲਾਕੁਨ ਫ਼ਤਵਾ ਦੇਣ ਲਈ ਮਹਾਰਾਸ਼ਟਰ ਦੇ ਲੋਕਾਂ ਦਾ ਧਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਅਤੇ ਸ਼ਿਵ ਸੈਨਾ ਸੱਤਾ ਦੀ ਸਾਂਝ ਬਾਰੇ ਅਪਣੇ ਵਿਚਾਲੇ ਹੋਏ ਸਮਝੌਤੇ ਅਨੁਸਾਰ ਅੱਗੇ ਵਧੇਗੀ।