ਸ਼ਿਵ ਸੈਨਾ ਆਗੂ ਸੰਜੇ ਰਾਊਤ ਦਾ ਵਿਵਾਦਤ ਬਿਆਨ ਕਿਹਾ, 17 ਮਿੰਟ 'ਚ ਤੋੜ ਦਿਤੀ ਸੀ ਬਾਬਰੀ ਮਸਜਿਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਜਿਵੇਂ ਜਿਵੇਂ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਵੇਂ ਓਵੇਂ ਰਾਮ ਮੰਦਰ ਦਾ ਮੁੱਦਾ ਕਾਫ਼ੀ ਤੂਲ ਫੜਦਾ ਜਾ ਰਿਹਾ ਹੈ...

Shiv Sena Leader

ਨਵੀਂ ਦਿੱਲੀ (ਭਾਸ਼ਾ)  ਜਿਵੇਂ ਜਿਵੇਂ 2019 ਦੀਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਵੇਂ ਓਵੇਂ ਰਾਮ ਮੰਦਰ ਦਾ ਮੁੱਦਾ ਕਾਫ਼ੀ ਤੂਲ ਫੜਦਾ ਜਾ ਰਿਹਾ ਹੈ। ਹੁਣ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਊਤ ਨੇ ਬਾਬਰੀ ਮਸਜਿਦ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਸੰਜੇ ਦਾ ਕਹਿਣਾ ਹੈ ਕਿ ਜਦੋਂ ਅਸੀਂ ਮਹਿਜ਼ 17 ਮਿੰਟ 'ਚ ਬਾਬਰੀ ਮਸਜਿਦ ਤੋੜ ਦਿਤੀ ਸੀ ਤਾਂ ਹੁਣ ਕਾਨੂੰਨ ਬਣਾਉਣ ਵਿਚ ਕਿੰਨਾ ਸਮਾਂ ਲੱਗੇਗਾ, ਉਨ੍ਹਾਂ ਇਹ ਵੀ ਆਖਿਆ ਕਿ ਰਾਸ਼ਟਰਪਤੀ ਭਵਨ ਤੋਂ ਲੈ ਕੇ ਉਤਰ ਪ੍ਰਦੇਸ਼ ਤਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ।

ਰਾਜ ਸਭਾ ਦੇ ਬਹੁਤੇ ਸਾਂਸਦ ਵੀ ਰਾਮ ਮੰਦਰ ਦੇ ਹੱਕ 'ਚ ਹਨ, ਸੰਜੇ ਰਾਊਤ ਇਥੇ ਹੀ ਨਹੀਂ ਰੁਕੇ, ਉਨ੍ਹਾਂ ਇਹ ਵੀ ਆਖਿਆ ਜੋ ਕੋਈ ਵੀ ਰਾਮ ਮੰਦਰ ਦਾ ਵਿਰੋਧ ਕਰੇਗਾ ਉਸ ਦਾ ਦੇਸ਼ ਵਿਚ ਘੁੰਮਣਾ ਮੁਸ਼ਕਲ ਹੋ ਜਾਵੇਗਾ। ਦਸ ਦਈਏ ਕਿ ਸੰਜੇ ਰਾਊਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ 25 ਨਵੰਬਰ ਨੂੰ ਆਯੁੱਧਿਆ ਵਿਚ 'ਧਰਮ ਸਭਾ' ਕਰਵਾਈ ਜਾ ਰਹੀ ਹੈ, ਅਤੇ ਕਿਸੇ ਸੰਭਾਵੀ ਘਟਨਾ ਦੇ ਮੱਦੇਨਜ਼ਰ ਉਥੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਇਹੀ ਨਹੀਂ ਸ਼ਿਵ ਸੈਨਾ ਨੇ ਭਾਜਪਾ ਨੂੰ ਆਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਆਰਡੀਨੈਂਸ ਲਿਆਉਣ ਦੀ ਤਰੀਕ ਦਾ ਐਲਾਨ ਕਰਨ ਲਈ ਵੀ ਆਖਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਆਯੁੱਧਿਆ ਦੀ ਵਿਵਾਦਤ ਜਗ੍ਹਾ ਦਾ ਕੇਸ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ ਤਾਂ ਸ਼ਿਵ ਸੈਨ ਆਗੂ ਵਲੋਂ ਦਿਤਾ ਇਹ ਬਿਆਨ ਵੱਡਾ ਵਿਵਾਦ ਪੈਦਾ ਕਰਨ ਵਾਲਾ ਹੈ, ਅਤੇ ਸਿੱਧੇ ਤੌਰ 'ਤੇ ਸੁਪਰੀਮ ਕੋਰਟ ਦੇ ਕੰਮ ਵਿਚ ਦਖ਼ਲਅੰਦਾਜ਼ੀ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਇਸ ਮਾਮਲੇ ਵਿਚ ਕੀ ਕਾਰਵਾਈ ਕਰਦਾ ਹੈ।