ਧੁੰਦਲੀ ਪਈ ਅਮਰੀਕੀ ਨੌਜਵਾਨ ਦੀ ਲਾਸ਼ ਮਿਲਣ ਦੀ ਆਸ, ਪੁਲਿਸ ਟਾਪੂ 'ਚ ਜਾਣ 'ਚ ਨਾਕਾਮ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨੀ ਜਦ ਸੈਂਟਿਨਲ ਟਾਪੂ 'ਤੇ ਚਾਉ ਨੇ ਕਦਮ ਰੱਖਿਆ ਤਾਂ ਉਸ ਵੇਲੇ ਆਦਿਵਾਸੀਆਂ ਨੇ ਤੀਰ-ਕਮਾਨ ਨਾਲ ਉਸ ਦਾ ਕਤਲ ਕਰ ਦਿਤਾ।

John Allen Chau

ਪੋਰਟ ਬਲੇਅਰ,  ( ਭਾਸ਼ਾ ) : ਉਤਰੀ ਸੈਂਟਿਨਲ ਟਾਪੂ 'ਤੇ ਆਦਿਵਾਸੀਆਂ ਹੱਥੋਂ ਮਾਰੇ ਜਾਣ ਵਾਲੇ ਅਮਰੀਕੀ ਨੌਜਵਾਨ ਜਾਨ ਐਲਨ ਚਾਓ ਦੀ ਲਾਸ਼ ਮਿਲਣ ਦੀ ਆਸ ਬਹੁਤ ਘੱਟ ਗਈ ਹੈ। ਬੀਤੇ ਦਿਨੀ ਜਦ ਸੈਂਟਿਨਲ ਟਾਪੂ 'ਤੇ ਚਾਉ ਨੇ ਕਦਮ ਰੱਖਿਆ ਤਾਂ ਉਸ ਵੇਲੇ ਆਦਿਵਾਸੀਆਂ ਨੇ ਤੀਰ-ਕਮਾਨ ਨਾਲ ਉਸ ਦਾ ਕਤਲ ਕਰ ਦਿਤਾ। ਚਾਉ ਦੀ ਲਾਸ਼ ਲੱਭਣ ਲਈ ਸਥਾਨਕ ਪ੍ਰਸ਼ਾਸਨ ਨੇ ਹੈਲੀਕਾਪਟਰ ਵੀ ਭੇਜਿਆ ਸੀ ਪਰ ਆਦਿਵਾਸੀਆਂ ਦੇ ਹਮਲੇ ਕਾਰਨ ਉਹ ਟਾਪੂ ਵਿਚ ਨਹੀਂ ਉਤਰ ਸਕਿਆ।

ਹਾਦਸੇ ਤੋਂ 7 ਦਿਨ ਬਾਅਦ ਵੀ ਫ਼ੌਜ ਅਤੇ ਪੁਲਿਸ ਅਧਿਕਾਰੀ ਚਾਉ ਦੀ ਲਾਸ਼ ਨਹੀਂ ਲੱਭ ਸਕੇ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਟਾਪੂ ਵਿਚ ਵਾਰ-ਵਾਰ ਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇਸ ਸੁਰੱਖਿਅਤ ਜਨਜਾਤੀ ਨੂੰ ਖ਼ਤਰਾ ਹੋ ਸਕਦਾ ਹੈ। ਜਨਜਾਤੀ ਅਧਿਕਾਰਾਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਆਦਿਵਾਸੀਆਂ ਨੂੰ ਕਾਤਲ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਚਾਉ ਦੀ ਲਾਸ਼ ਦਾ ਨਾ ਮਿਲਣਾ ਦੁਨੀਆ ਦੀ ਆਖਰੀ ਪ੍ਰੀ-ਨਿਯੋਲਿਥਕ ਜਨਜਾਤੀ ਦੀ ਸੁਰੱਖਿਆ ਲਈ ਜ਼ਰੂਰੀ ਹੈ।

ਮਾਹਰਾਂ ਮੁਤਾਬਕ ਭਾਰਤੀ ਅਧਿਕਾਰੀ ਵੀ ਉਤਰੀ ਸੈਂਟਿਨਲ ਟਾਪੂ ਵਿਚ ਅਪਣਾ ਸ਼ਾਸਨ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਪੁਲਿਸ ਨੂੰ ਭੇਜ ਕੇ ਆਦਿਵਾਸੀਆਂ ਨੂੰ ਕਦੇ ਇਹ ਸਵਾਲ ਨਹੀਂ ਪੁੱਛਿਆ ਕਿ ਉਹ ਬਾਹਰ ਵਾਲਿਆਂ ਨਾਲ ਦੁਸ਼ਮਣਾਂ ਵਾਂਗ ਦੁਰਵਿਹਾਰ ਕਿਉਂ ਕਰਦੇ ਹਨ। ਅੰਡੇਮਾਨ ਪੁਲਿਸ ਦਾ ਕਹਿਣਾ ਹੈ ਕਿ ਚਾਉ ਦੇ ਕਤਲ ਤੋਂ ਬਾਅਦ ਹੁਣ ਤੱਕ ਦੋ ਵਾਰ

ਕਿਸ਼ਤੀ ਨੂੰ ਲਾਸ਼ ਦੀ ਤਲਾਸ਼ ਲਈ ਭੇਜਿਆ ਜਾ ਚੁੱਕਿਆ ਹੈ ਪਰ ਕਾਮਯਾਬੀ ਨਹੀਂ ਮਿਲ ਸਕੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਲੱਭਣ ਜਾਣ ਵਾਲੀ ਟੀਮ ਨੂੰ ਇਹ ਚਿਤਾਵਨੀ ਵੀ ਦਿਤੀ ਗਈ ਹੈ ਕਿ ਉਨ੍ਹਾਂ ਕਾਰਨ ਆਦਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।