ਸਿੱਖ ਕਤਲੇਆਮ ਵਿਚ ਕਤਲ ਹੋਏ ਬਜ਼ੁਰਗ ਦੀ ਵਿਧਵਾ ਨੂੰ ਸੱਤ ਮਹੀਨਿਆਂ ਤੋਂ ਨਹੀਂ ਮਿਲੀ ਪੈਨਸ਼ਨ
1984 ਦੇ ਸਿੱਖ ਕਤਲੇਆਮ ਵਿਚ ਕਤਲ ਹੋਏ ਸ. ਸੁਰਜੀਤ ਸਿੰਘ ਦੀ ਬਜ਼ੁਰਗ ਵਿਧਵਾ ਗੁਰਦੇਵ ਕੌਰ ਪਿੰਡ ਨੀਲੇਵਾਲਾ.........
ਜ਼ੀਰਾ : 1984 ਦੇ ਸਿੱਖ ਕਤਲੇਆਮ ਵਿਚ ਕਤਲ ਹੋਏ ਸ. ਸੁਰਜੀਤ ਸਿੰਘ ਦੀ ਬਜ਼ੁਰਗ ਵਿਧਵਾ ਗੁਰਦੇਵ ਕੌਰ ਪਿੰਡ ਨੀਲੇਵਾਲਾ ਨੂੰ ਪਿਛਲੇ 7 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਾਤਾ ਗੁਰਦੇਵ ਕੌਰ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਮੈਨੂੰ ਵਿਧਵਾ ਪੈਨਸ਼ਨ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਮੇਰਾ ਚੂਕਨਾ ਟੁਟਣ ਕਾਰਨ ਮੈਂ ਚਲ ਫਿਰ ਨਹੀਂ ਸਕਦੀ , ਪਰ ਮੈਂ ਹਰ ਮਹੀਨੇ ਐਸ ਡੀ ਐਮ ਦਫ਼ਤਰ ਜ਼ੀਰਾ ਦੇ ਗੇੜੇ ਮਾਰ –ਮਾਰ ਥੱਕ ਚੁਕੀ ਹਾਂ ਪਰ ਉਥੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ।
ਮੇਰਾ ਪਰਵਾਰ ਆਰਥਕ ਪੱਖੋਂ ਬਹੁਤ ਕਮਜ਼ੋਰ ਹੈ। ਇਸ ਸਮੇਂ ਮਾਤਾ ਗੁਰਦੇਵ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੈਨੂੰ ਮੇਰੀ ਬਣਦੀ ਪੈਨਸ਼ਨ ਤੁਰਤ ਦਿਤੀ ਜਾਵੇ ਤਾਂ ਜੋ ਮੈਂ ਅਪਣਾ ਘਰ ਚਲਾ ਸਕਾਂ। ਇਸ ਸਬੰਧੀ ਪੱਤਰਕਾਰਾਂ ਨੇ ਐਸ ਡੀ ਐਮ ਦੇ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਅੱਧ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ, ਇਸ ਕੇਸ ਨਾਲ ਸਬੰਧਤ ਕਲਰਕ ਦੀ ਪੋਸਟ ਵੀ ਖ਼ਾਲੀ ਪਈ ਹੈ ਜਿਸ ਨਾਲ ਦਫ਼ਤਰ ਦੇ ਕੰਮਾਂ ਵਿਚ ਰੁਕਾਵਟ ਆ ਰਹੀ ਹੈ।