ਟ੍ਰੇਚਿੰਗ ਮੈਦਾਨ ਤੋਂ ਗਾਇਬ ਹੋਏ ਕੂੜੇ ਦੇ ਪਹਾੜ, ਕਲੀਨ ਸਿਟੀ ਦੀ ਦੌੜ 'ਚ ਇੰਦੌਰ
ਇਥੇ ਬੂਟੇ ਲਗਾ ਕੇ ਬੇਕਾਰ ਦੀਆਂ ਵਸਤਾਂ ਨਾਲ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੀ ਸੁੰਦਰ ਦਿੱਖ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇੰਦੌਰ, (ਭਾਸ਼ਾ) : ਸਵੱਛਤਾ ਸਰਵੇਖਣ ਤੋਂ ਪਹਿਲਾਂ ਇੰਦੌਰ ਨੇ ਸਫਾਈ ਵਿਚ ਪਹਿਲੇ ਨੰਬਰ ਦਾ ਸ਼ਹਿਰ ਹੋਣ ਦੀ ਦਾਵੇਦਾਰੀ ਨੂੰ ਮਜ਼ਬੂਤ ਕਰਦੇ ਹੋਏ ਟ੍ਰੇਚਿੰਗ ਮੈਦਾਨ 'ਤੇ ਪਿਆ ਸਾਲਾਂ ਪੁਰਾਣਾ ਕੂੜਾ ਸਾਫ ਕਰ ਦਿਤਾ ਹੈ। ਅਜਿਹਾ ਕਰਨ ਵਾਲਾ ਇੰਦੌਰ ਪਹਿਲਾਂ ਸ਼ਹਿਰ ਬਣ ਗਿਆ ਹੈ। ਟ੍ਰੇਚਿੰਗ ਮੈਦਾਨ 'ਤੇ ਪੁਰਾਣੇ ਕੂੜੇ ਦੇ ਢੇਰ ਅਤੇ ਪਹਾੜ ਗਾਇਬ ਹੋ ਗਏ ਹਨ ਅਤੇ ਉਥੇ ਮਾਹੌਲ ਨੂੰ ਸਾਫ-ਸੁਥਰਾ ਬਣਾਇਆ ਜਾ ਰਿਹਾ ਹੈ। ਇਥੇ 30-40 ਸਾਲ ਤੋਂ ਪੁਰਾਣਾ ਕੂੜਾ ਪਿਆ ਹੋਇਆ ਹੈ।
ਸਵੱਛਤਾ ਸਰਵੇਖਣ ਦੀ ਸੇਵਨ ਸਟਾਰ ਰੇਟਿੰਗ ਹਾਸਲ ਕਰਨ ਲਈ ਪੁਰਾਣੇ ਕੂੜੇ ਦਾ ਨਿਪਟਾਰਾ ਕਰਨਾ ਲਾਜ਼ਮੀ ਸੀ। ਹੁਣ ਇੰਦੌਰ ਨੂੰ ਇਸ ਸਰਵੇਖਣ ਵਿਚ ਪੂਰੇ 80 ਨਬੰਰ ਮਿਲ ਸਕਣਗੇ। ਵਧੀਕ ਕਮਿਸ਼ਨਰ ਰੋਹਨ ਸਕਸੈਨਾ ਨੇ ਦੱਸਿਆ ਕਿ ਪੂਰਾਣੇ ਕੂੜੇ ਦੇ ਨਿਪਟਾਰੇ ਲਈ ਬਾਇਓ ਰੀਮੈਡੀਸ਼ਨ ਪ੍ਰਣਾਲੀ ਅਪਣਾਈ ਗਈ। ਕੂੜੇ ਵਿਚ ਪੱਥਰ, ਕਪੜੇ, ਲਿਫਾਫੇ, ਰਬੜ, ਮਿੱਟੀ ਅਤੇ ਧਾਤੂਆਂ ਸਬੰਧੀ ਕਚਰਾ ਹੁੰਦਾ ਹੈ। ਲਿਫਾਫੇ ਸਮੇਤ ਰਿਸਾਇਕਲ ਹੋਣ ਵਾਲੀਆਂ ਚੀਜ਼ਾਂ ਨੂੰ ਮਟੀਰਿਅਲ ਰਿਕਵਰੀ ਫਸੀਲਿਟੀ ਵਿਖੇ ਭੇਜਿਆ ਗਿਆ ਤਾਂ ਕਿ ਰਿਸਾਇਕਲ ਹੋਣ ਤੋਂ ਬਾਅਦ ਉਸ ਦੀ ਮੁੜ ਵਰਤੋਂ ਕੀਤੀ ਜਾ ਸਕੇ।
ਪੱਥਰਾਂ ਦੀ ਵਰਤੋਂ ਜ਼ਮੀਨ ਭਰਨ ਵਿਚ ਕੀਤੀ ਗਈ ਅਤੇ ਧਾਤਾਂ ਨੂੰ ਰਿਸਾਇਕਲ ਲਈ ਭੇਜਿਆ ਗਿਆ। ਇਸ ਤੋਂ ਬਾਅਦ ਬਿਲਾਵਲੀ ਤਲਾਅ ਦੀ ਖੁਦਾਈ ਤੋਂ ਕੱਢੀ ਗਈ ਮਿੱਟੀ ਲੈਂਡਫਿਲ ਵਿਚ ਪਾ ਕੇ ਟ੍ਰੇਚਿੰਗ ਮੈਦਾਨ ਦੀ ਰੂਪਰੇਖਾ ਬਦਲ ਦਿਤੀ ਗਈ। ਹੁਣ ਇਥੇ ਬੂਟੇ ਲਗਾ ਕੇ ਬੇਕਾਰ ਦੀਆਂ ਵਸਤਾਂ ਨਾਲ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੀ ਸੁੰਦਰ ਦਿੱਖ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਲੈਂਡਫਿਲ ਤੋਂ ਬਾਅਦ ਟ੍ਰੇਚਿੰਗ ਮੈਦਾਨ ਦੀ 80 ਏਕੜ ਤੋਂ ਵੱਧ ਜ਼ਮੀਨ ਗੋਲਫ ਕੋਰਸ ਦੇ ਹਿਸਾਬ ਨਾਲ ਵਰਤਣਯੋਗ ਹੋ ਗਈ ਹੈ। ਨਗਰ ਨਿਗਮ ਕਮਿਸ਼ਨਰ ਆਸ਼ੀਸ਼ ਸਿੰਘ ਨਾਲ ਇਥੇ ਗੋਲਫ ਕੋਰਸ ਬਣਾਉਣ ਦੀ ਗੱਲ ਕੀਤੀ ਗਈ ਹੈ। ਉਹਨਾਂ ਦੀ ਪ੍ਰਵਾਨਗੀ ਤੋਂ ਬਾਅਦ ਇਸ ਦੀ ਉਸਾਰੀ ਲਈ ਅੰਤਰਰਾਸ਼ਟਰੀ ਮਾਹਰ ਏਜੰਸੀਆਂ ਦੀ ਸਲਾਹ ਲਈ ਜਾਵੇਗੀ।
ਨਗਰ ਨਿਗਮ ਦੇ ਅਧਿਕਾਰੀ ਮੁਤਾਬਕ ਇਹ ਸਰਵੇਖਣ ਮਹੀਨੇ ਦੇ ਆਖਰੀ ਦਿਨਾਂ ਜਾਂ ਫਿਰ ਜਨਵਰੀ ਵਿਚ ਹੋਵੇਗਾ। ਨਿਗਮ ਨੇ ਪਹਿਲਾਂ ਤੋਂ ਹੀ ਲੱਖਾਂ ਦਸਤਾਵੇਜ਼ ਆਨਲਾਈਨ ਜਮ੍ਹਾਂ ਕਰਵਾਏ ਸਨ। ਅਧਿਕਾਰੀਆਂ ਨੂੰ ਆਸ ਹੈ ਕਿ ਇੰਦੌਰ ਹੀ ਉਹ ਪਹਿਲਾ ਸ਼ਹਿਰ ਬਣੇਗਾ ਜਿਸ ਨੂੰ ਸੇਵਨ ਸਟਾਰ ਰੇਟਿੰਗ ਦਾ ਤਮਗਾ ਮਿਲੇਗਾ।