ਇਕ ਵਿਅਕਤੀ ਨੇ ਵਸਾਇਆ ਐਚਆਈਵੀ ਪਾਜ਼ਿਟਿਵ ਲੋਕਾਂ ਲਈ ਪਿੰਡ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 11 ਸਾਲਾਂ ਦੌਰਾਨ ਇਥੇ ਇਕ ਵੀ ਐਚਆਈਵੀ ਪਾਜ਼ਿਟਿਵ ਬੱਚੇ ਦੀ ਮੌਤ ਨਹੀਂ ਹੋਈ।

Ravi Bapatle

ਲਾਤੂਰ, ( ਭਾਸ਼ਾ) : ਮਹਾਰਾਸ਼ਟਰਾ ਦੇ ਲਾਤੂਰ ਦੇ ਰਹਿਣ ਵਾਲੇ ਰਵੀ ਬਾਪਟਲੇ ਪੇਸ਼ੇ ਤੋਂ ਪੱਤਰਕਾਰ ਸਨ। 2007 ਵਿਚ ਉਹਨਾਂ ਦੀ ਮੁਲਾਕਾਤ ਇਕ ਐਚਆਈਵੀ ਪਾਜ਼ਿਟਿਵ ਲੜਕੇ ਨਾਲ ਹੋਈ। ਇਸ ਲੜਕੇ ਦੇ ਪਿੰਡ ਵਾਲਿਆਂ ਨੇ ਉਸ ਨੂੰ ਬੇਦਖਲ ਕਰ ਦਿਤਾ ਸੀ। ਰਵਿ ਨੇ ਉਸ ਬੱਚੇ ਨੂੰ ਵਸਾਉਣ ਦੀ ਜਿੰਮ੍ਹੇਵਾਰੀ ਲਈ। ਹਾਸੇਗਾਂਵ ਵਿਚ ਅਪਣੀ ਜ਼ਮੀਨ 'ਤੇ ਸੇਵਾ ਆਸ਼ਰਮ ਖੋਲ੍ਹਿਆ ਅਤੇ ਬੱਚੇ ਦੇ ਠਹਿਰਣ ਦਾ ਇਥੇ ਪ੍ਰਬੰਧ ਕੀਤਾ। ਇਸ ਤੋਂ ਬਾਅਦ ਇਹ ਸਿਲਲਿਸਾ ਤੁਰ ਪਿਆ। ਜਿਹਨਾਂ ਐਚਆਈਵੀ ਪਾਜ਼ਿਵਿਟ ਲੋਕਾਂ ਨੂੰ ਘਰ ਤੋਂ ਜਾਂ ਪਿੰਡ ਤੋਂ ਕੱਢ ਦਿਤਾ ਜਾਂਦਾ ਸੀ,

ਰਵੀ ਵੱਲੋਂ ਉਹਨਾਂ ਦੇ ਰਹਿਣ ਦੀ ਵਿਵਸਥਾ ਕੀਤੀ ਜਾਂਦੀ। ਅਜਿਹਾ ਕਰਦੇ ਹੋਏ ਉਸ ਨੇ ਇਕ ਵਖਰਾ ਪਿੰਡ ਹੀ ਵਸਾ ਦਿਤਾ। ਇਸ ਪਿੰਡ ਨੂੰ  ਨਾਮ ਵੀ ਐਚਆਈਵੀ ਦਿਤਾ ਗਿਆ ਹੈ ਜਿਸ ਦਾ ਅਰਥ ਹੈ 'ਹੈਪੀ ਇੰਡੀਅਨ ਵਿਲੇਜ਼'। ਪਿੰਡ ਦੇ ਨੇੜਲੇ ਲੋਕ ਇਸ ਦਾ ਵਿਰੋਧ ਕਰਦੇ ਰਹੇ ਪਰ ਰਵੀ ਸਾਰਿਆਂ ਨੂੰ ਸਮਝਾਉਂਦਾ ਰਿਹਾ ਕਿ ਐਚਆਈਵੀ ਸ੍ਰੰਕਮਣ ਬੀਮਾਰੀ ਨਹੀਂ ਹੈ। ਇਸ ਸੰਕ੍ਰਮਣ ਦੇ ਮਰੀਜ ਨੂੰ ਇਕੱਲਾ ਨਹੀਂ ਛੱਡ ਸਕਦੇ। ਹੌਲੀ-ਹੌਲੀ ਲੋਕ ਇਹ ਗੱਲ ਸਮਝਣ ਲਗੇ ਅਤੇ ਇਸ ਚੰਗੀ  ਪਹਿਲ ਦਾ ਰਸਤਾ ਸੁਖਾਲਾ ਹੁੰਦਾ ਗਿਆ। ਹੁਣ ਇਥੇ 18 ਸਾਲ ਤੋਂ ਘੱਟ ਉਮਰ ਦੇ 50 ਬੱਚੇ ਹਨ।

18 ਤੋਂ ਉਪਰ ਦੇ ਵੀ 28 ਲੋਕ ਰਹਿ ਰਹੇ ਹਨ। ਪਿੰਡ ਦੇ ਨੌਜਵਾਨਾਂ ਨੂੰ ਕੰਮਕਾਜੀ ਸਿਖਲਾਈ ਵੀ ਦਿਤੀ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਰਵੀ ਇਸ ਪੂਰੇ ਕੰਮ ਲਈ ਕੋਈ ਸਰਕਾਰੀ ਗ੍ਰਾਂਟ ਨਹੀਂ ਲੈਂਦੇ। ਸਾਰਾ ਪਿੰਡ ਸਵੇਰੇ ਕਸਰਤ ਕਰਦਾ ਹੈ। ਫਿਰ ਬੱਚੇ ਸਕੂਲ ਚਲੇ ਜਾਂਦੇ ਹਨ ਅਤੇ ਵੱਡੇ ਸਿਖਲਾਈ ਸਿੱਖਣ। ਇਹਨਾਂ ਦੀ ਜਾਂਚ ਲਈ ਡਾਕਟਰ ਆਉਂਦੇ ਹਨ। ਪਿਛਲੇ 11 ਸਾਲਾਂ ਦੌਰਾਨ ਇਥੇ ਇਕ ਵੀ ਐਚਆਈਵੀ ਪਾਜ਼ਿਟਿਵ ਬੱਚੇ ਦੀ ਮੌਤ ਨਹੀਂ ਹੋਈ।

ਜਦ ਰਵੀ ਨੂੰ ਪੁੱਛਿਆ ਗਿਆ ਕਿ ਪਿੰਡ ਦੇ ਨਾਲ ਹੁਣ ਤੁਹਾਡੀ ਸੰਸਥਾ ਵੀ ਬਹੁਤ ਵੱਡੀ ਹੋ ਰਹੀ ਹੈ ਤਾਂ ਰਵੀ ਦਾ ਜਵਾਬ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਹੁਣ ਅਜਿਹੀ ਕੋਈ ਸੰਸਥਾ ਬਣੇ। ਅਜਿਹੀ ਸੰਸਥਾ ਬਣਨੀਆਂ ਨਹੀਂ ਸਗੋਂ ਬੰਦ ਹੋਣੀਆਂ ਚਾਹੀਦੀਆਂ ਹਨ। ਸਾਨੂੰ ਭਵਿੱਖ ਵਿਚ ਅਜਿਹਾ ਸਮਾਜ ਬਣਾਉਣਾ ਹੈ ਜਿਥੇ ਕੋਈ ਬੱਚਾ ਐਚਆਈਵੀ ਪਾਜ਼ਿਟਿਵ ਨਾ ਹੋਵੇ। ਅਜਿਹਾ ਸਮਾਜ ਜਿੱਥੇ ਐਚਆਈਵੀ ਲੋਕਾਂ ਨਾਲ ਕੋਈ ਭੇਦਭਾਵ ਨਾ ਹੋਵੇ।