ਵੇਦਾਂਗੀ ਕੁਲਕਰਨੀ ਬਣੀ ਸਾਈਕਲ 'ਤੇ ਦੁਨੀਆ ਘੁ਼ੰਮਣ ਵਾਲੀ ਸਭ ਤੋਂ ਤੇਜ਼ ਏਸ਼ੀਆਈ ਮਹਿਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਣੇ ਦੀ 20 ਸਾਲ ਦੀ ਵੇਦਾਂਗੀ ਕੁਲਕਰਨੀ ਸਾਈਕਲ ਨਾਲ ਦੁਨੀਆ ਦਾ ਚੱਕਰ ਲਾਉਣ ਵਾਲੀ ਸਭ ਤੋਂ ਤੇਜ਼ ਏਸ਼ਿਆਈ ਔਰਤ ਬਣ ਗਈ ਹੈ...

Vedangi Kulkarni

ਨਵੀਂ ਦਿੱਲੀ (ਭਾਸ਼ਾ) : ਪੁਣੇ ਦੀ 20 ਸਾਲ ਦੀ ਵੇਦਾਂਗੀ ਕੁਲਕਰਨੀ ਸਾਈਕਲ ਨਾਲ ਦੁਨੀਆ ਦਾ ਚੱਕਰ ਲਾਉਣ ਵਾਲੀ ਸਭ ਤੋਂ ਤੇਜ਼ ਏਸ਼ਿਆਈ ਔਰਤ ਬਣ ਗਈ ਹੈ।  ਵੇਦਾਂਗੀ ਨੇ ਐਤਵਾਰ ਨੂੰ ਕੋਲਕਾਤਾ ਵਿਚ ਤੜਕੇ ਸਾਈਕਲ ਚਲਾ ਕੇ ਇਸ ਲਈ ਜ਼ਰੂਰੀ 29 ਹਜ਼ਾਰ ਕਿਲੋਮੀਟਰ ਦੀ ਮਾਨਕ ਦੂਰੀ ਨੂੰ ਤੈਅ ਕਰ ਲਿਆ। ਉਨ੍ਹਾਂ ਇਸ ਸਫਰ ਦੀ ਸ਼ੁਰੂਆਤ ਜੁਲਾਈ ਵਿਚ ਆਸਟ੍ਰੇਲੀਆ ਦੇ ਪਰਥ ਤੋਂ ਕੀਤੀ ਸੀ ਤੇ ਉਹ ਰਿਕਾਰਡ ਪੂਰਾ ਕਰਨ ਲਈ ਇਸ ਸ਼ਹਿਰ ਵਾਪਸ ਜਾਵੇਗੀ। ਦੱਸਣਯੋਗ ਹੈ ਕਿ ਬ੍ਰਿਟੇਨ ਦੀ ਜੇਨੀ ਗ੍ਰਾਹਮ (38) ਦੇ ਨਾਂ ਔਰਤਾਂ ਦਰਮਿਆਨ ਸਭ ਤੋਂ ਘੱਟ ਦਿਨਾਂ ਵਿਚ ਸਾਈਕਲ ਨਾਲ ਦੁਨੀਆ ਦਾ ਚੱਕਰ ਲਾਉਣ ਦਾ ਰਿਕਾਰਡ ਹੈ।

 ਉਨ੍ਹਾਂ 124 ਦਿਨ ਦਾ ਸਮਾਂ ਲਿਆ ਸੀ। ਇਹ ਰਿਕਾਰਡ ਪਿਛਲੇ ਰਿਕਾਰਡ ਤੋਂ ਤਿੰਨ ਹਫ਼ਤੇ ਘੱਟ ਸੀ। ਵੇਦਾਂਗੀ ਨੇ ਦੱਸਿਆ ਕਿ ਮੈਂ 14 ਦੇਸ਼ਾਂ ਦਾ ਸਫਰ ਕੀਤਾ ਤੇ 159 ਦਿਨਾਂ ਤੱਕ ਰੋਜ਼ਾਨਾ ਲਗਭਗ 300 ਕਿਲੋਮੀਟਰ ਸਾਈਕਲ ਚਲਾਈ। ਇਸ ਦੌਰਾਨ ਮੈਨੂੰ ਕੁਝ ਚੰਗੇ ਤੇ ਬੁਰੇ ਅਨੁਭਵ ਹੋਏ। ਵੇਦਾਂਗੀ ਦੇ ਪਿਤਾ ਵਿਵੇਕ ਕੁਲਕਰਨੀ ਨੇ ਦੱਸਿਆ ਕਿ ਦੁਨੀਆ ਵਿਚ ਕੁਝ ਹੀ ਲੋਕਾਂ ਨੇ ਇਸ ਮੁਸ਼ਕਿਲ ਚੁਣੌਤੀ ਨੂੰ ਪੂਰਾ ਕੀਤਾ ਹੈ ਤੇ ਮੇਰੀ ਬੇਟੀ ਦੁਨੀਆ ਦਾ ਚੱਕਰ ਲਾਉਣ ਦੇ ਮਾਮਲੇ ਵਿਚ ਸਭ ਤੋਂ ਤੇਜ਼ ਏਸ਼ਿਆਈ ਹੈ। ਵੇਦਾਂਗੀ ਨੇ ਦੱਸਿਆ ਕਿ ਮੈਂ ਇਸ ਲਈ ਦੋ ਸਾਲ ਪਹਿਲਾਂ ਤਿਆਰੀ ਸ਼ੁਰੂ ਕੀਤੀ ਸੀ।

ਮੈਂ ਸਾਈਕਲ 'ਤੇ ਲਗਭਗ 80 ਫ਼ੀਸਦੀ ਯਾਤਰਾ ਨੂੰ ਇਕੱਲੀ ਨੇ ਹੀ ਪੂਰਾ ਕੀਤਾ। ਮੈਨੂੰ ਯਾਤਰਾ ਦੌਰਾਨ ਸਿਫਰ ਤੋਂ 20 ਡਿਗਰੀ ਘੱਟ ਤੋਂ ਲੈ ਕੇ 37 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਝੱਲਣਾ ਪਿਆ। ਇਸ ਦੌਰਾਨ ਮੈਂ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਆਈਸਲੈਂਡ, ਪੁਰਤਗਾਲ, ਸਪੇਨ, ਫਰਾਂਸ, ਬੈਲਜੀਅਮ, ਜਰਮਨੀ, ਡੈਨਮਾਰਕ, ਸਵੀਡਨ, ਫਿਨਲੈਂਡ ਤੇ ਰੂਸ ਤੋਂ ਹੋ ਕੇ ਲੰਘੀ। ਇਸ ਮੁਹਿੰਮ ਨੂੰ ਲੈ ਕੇ ਮੈਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।