CCA ਹਿੰਸਾ ਪੀੜਤਾਂ ਦੇ ਪਰਵਾਰਾਂ ਨੂੰ ਨਹੀਂ ਮਿਲ ਸਕੇ ਰਾਹੁਲ-ਪ੍ਰਿਅੰਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੇਰਠ ਬਾਰਡਰ ਤੋਂ ਮੁੜਨਾ ਪਿਆ ਵਾਪਸ

file photo

ਮੇਰਠ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਅੰਦਰ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਹ ਮਸਲਾ ਸਰਕਾਰ ਦੇ ਵੀ ਗਲੇ ਦੀ ਹੱਡੀ ਬਣਿਆ ਹੋਇਆ ਹੈ। ਝਾਰਖੰਡ ਚੋਣਾਂ ਦੇ ਨਤੀਜਿਆਂ ਕਾਰਨ ਭਾਵੇਂ ਪ੍ਰਦਰਸ਼ਨਾਂ ਦੀਆਂ ਸੁਰਖੀਆਂ 'ਚ ਥੋੜ੍ਹੀ ਕਮੀ ਵੇਖਣ ਨੂੰ ਮਿਲੀ ਹੈ ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਦੀਆਂ ਵਧ ਰਹੀਆਂ ਸਰਗਰਮੀਆਂ ਸਰਕਾਰ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ। ਨਵਾਂ ਮਸਲਾ ਕਾਂਗਰਸੀ ਦੇ ਸੀਨੀਅਰ ਆਗੂਆਂ ਵਲੋਂ ਹਿੰਸਾ ਪ੍ਰਭਾਵਿਤ ਖੇਤਰਾਂ ਦੇ ਦੌਰੇ ਤੋਂ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਉਤਰ ਪ੍ਰਦੇਸ਼ ਦੇ ਮੇਰਠ ਵਿਖੇ ਹਿੰਸਾ ਹੋਈ ਸੀ, ਜਿਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਹੋ ਗਈ ਸੀ।

ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਂਡਰਾ ਹੁਣ ਹਿੰਸਾ 'ਚ ਮਾਰੇ ਗਏ ਵਿਅਕਤੀਆਂ ਦੇ ਪਰਵਾਰ ਵਾਲਿਆਂ ਨੂੰ ਮਿਲਣ ਲਈ ਮੇਰਠ ਜਾ ਰਹੇ ਸਨ, ਜਿਨ੍ਹਾਂ ਨੂੰ ਯੂਪੀ ਪੁਲਿਸ ਨੇ ਰਸਤੇ 'ਚ ਹੀ ਰੋਕ ਲਿਆ। ਪ੍ਰਸ਼ਾਸਨ ਵਲੋਂ ਦੋਵਾਂ ਨੂੰ ਇਲਾਕੇ 'ਚ ਧਾਰਾ 144 ਲੱਗੀ ਹੋਣ ਬਾਰੇ ਦੱਸਣ ਤੋਂ  ਬਾਅਦ ਦੋਵੇਂ ਆਗੂ ਵਾਪਸ ਪਰਤ ਗਏ। ਜਦੋਂ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਧਾਰਾ 144 ਬਾਰੇ ਦਸਿਆ ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਪਾਸ ਇਸ ਦੇ ਆਰਡਰ ਹੋਣ ਬਾਰੇ ਪੁਛਿਆ।

ਅਧਿਕਾਰੀਆਂ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਮੇਰਠ ਘੁੰਮਣ ਤੋਂ ਰੋਕਿਆ। ਹਾਲਾਂਕਿ ਰਾਹੁਲ-ਪ੍ਰਿਅੰਕਾ ਵਲੋਂ ਸਿਰਫ਼ ਤਿੰਨ ਵਿਅਕਤੀਆਂ ਨੂੰ ਅੰਦਰ ਜਾਣ ਦੇਣ ਦੀ ਇਜ਼ਾਜਤ ਮੰਗੀ ਸੀ। ਦੱਸ ਦਈਏ ਕਿ ਮੇਰਠ ਅੰਦਰ ਨਾਗਿਰਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਨੇ ਹਿੰਸਕ ਰੁਖ ਅਖਤਿਆਰ ਕਰ ਲਿਆ ਸੀ ਜਿਸ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ।

ਕਾਬਲੇਗੌਰ ਹੈ ਕਿ ਮੇਰਠ 'ਚ ਧਾਰਾ 144 ਲਗਾਈ ਹੋਈ ਹੈ, ਜਿਸ ਦੌਰਾਨ ਹਰ ਪ੍ਰਕਾਰ ਦੀਆਂ ਸਿਆਸੀ ਗਤੀਵਿਧੀਆਂ 'ਤੇ ਰੋਕ ਲੱਗੀ ਹੋਈ ਹੈ। ਮੇਰਠ ਦੇ ਏਡੀਜੀ ਪ੍ਰਸ਼ਾਤ ਭੂਸ਼ਨ ਨੇ ਦਸਿਆ ਕਿ ਮੇਰਠ 'ਚ ਧਾਰਾ 144 ਲਾਗੂ ਹੈ। ਪ੍ਰਿਅੰਕਾ ਤੇ ਰਾਹੁਲ ਨੂੰ ਦਸਿਆ ਗਿਆ ਕਿ ਇਹ ਕਾਫ਼ੀ ਭੀੜ ਵਾਲਾ ਇਲਾਕਾ ਹੈ। ਜੇਕਰ ਇਸ ਦੌਰਾਨ ਇਥੇ ਕੋਈ ਗੜਬੜੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਇਸ ਤੋਂ ਬਾਅਦ ਪ੍ਰਿਅੰਕਾ ਤੇ ਰਾਹੁਲ ਵਾਪਸ ਪਰਤ ਗਏ।