ਕਿਸਾਨਾਂ ਦੇ ਸਮਰਥਨ ‘ਚ ਕਾਂਗਰਸ ਦੇ ਮਾਰਚ ਨੂੰ ਪੁਲਿਸ ਨੇ ਰੋਕਿਆ, ਪ੍ਰਿਯੰਕਾ ਸਣੇ ਕਈ ਆਗੂ ਹਿਰਾਸਤ ‘ਚ
ਪ੍ਰਿਯੰਕਾ ਬੋਲੀ ਵਿਰੋਧ ਦੀ ਆਵਾਜ਼ ਦਬਾ ਰਹੀ ਸਰਕਾਰ
ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਖਿਲਾਫ ਰਾਸ਼ਟਰਪਤੀ ਭਵਨ ਤੱਕ ਕਾਂਗਰਸ ਦੇ ਮਾਰਚ ਨੂੰ ਦਿੱਲੀ ਪੁਲਿਸ ਨੇ ਰਾਸਤੇ ਵਿਚ ਹੀ ਰੋਕ ਦਿੱਤਾ। ਮਾਰਚ ਰੋਕੇ ਜਾਣ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਰਕਾਰ ਵਿਰੋਧ ਦੀ ਆਵਾਜ਼ ਨੂੰ ਦਬਾ ਰਹੀ ਹੈ। ਦਿੱਲੀ ਪੁਲਿਸ ਨੇ ਪ੍ਰਿਯੰਕਾ ਗਾਂਧੀ ਸਣੇ ਕਈ ਆਗੂਆਂ ਨੂੰ ਹਿਰਾਸਤ ਵਿਚ ਲਿਆ ਹੈ, ਇਹਨਾਂ ਵਿਚ ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੀ ਸ਼ਾਮਲ ਸਨ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਸਮੇਤ ਤਿੰਨ ਕਾਂਗਰਸੀ ਨੇਤਾ ਰਾਸ਼ਟਰਪਤੀ ਭਵਨ ਪਹੁੰਚੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਨਗੇ ਤੇ ਉਹਨਾਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇਕੱਠੇ ਕੀਤੇ ਗਏ 2 ਕਰੋੜ ਲੋਕਾਂ ਦੇ ਦਸਤਖ਼ਤ ਵੀ ਸੌਂਪਣਗੇ।
ਦੱਸ ਦਈਏ ਕਿ ਕਾਂਗਰਸ ਵੱਲੋਂ ਕੀਤੇ ਜਾ ਰਹੇ ਮਾਰਚ ਦੇ ਮੱਦੇਨਜ਼ਰ ਦਿੱਲੀ ਦੇ ਕਈ ਇਲਾਕਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਰਾਸ਼ਟਰਪਤੀ ਭਵਨ ਦੇ ਕੋਲ ਸੁਰੱਖਿਆ ਦਾ ਘੇਰਾ ਵੀ ਵਧਾ ਦਿੱਤਾ ਹੈ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਭਾਰਤ ਦੇ ਕਿਸਾਨ ਅਜਿਹੀ ਤ੍ਰਾਸਦੀ ਤੋਂ ਬਚਣ ਲਈ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਹਨ, ਇਸ ਸੱਤਿਆਗ੍ਰਹਿ ਵਿਚ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣਾ ਹੋਵੇਗਾ।