ਹੁਣ ਰੇਲਗੱਡੀਆਂ ਵਿਚ ਕਾਰਡ ਰਾਹੀਂ ਹੋ ਸਕੇਗਾ ਖਾਣ-ਪੀਣ ਦੀਆਂ ਚੀਜ਼ਾਂ ਦਾ ਭੁਗਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਯਾਤਰੀ ਖਾਣ-ਪੀਣ ਦੀਆਂ ਚੀਜ਼ਾਂ ਦੀ ਖਰੀਦ ਤੋਂ ਬਾਅਦ ਇਸ ਦਾ ਭੁਗਤਾਨ ਪੀਓਐਸ ਮਸ਼ੀਨ ਰਾਹੀਂ ਕਰ ਸਕਣਗੇ।

IRCTC POS machines

ਨਵੀਂ ਦਿੱਲੀ : ਆਈਆਰਸੀਟੀਸੀ ਨੇ ਰੇਲ ਯਾਤਰੀਆਂ ਦੀਆਂ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭੁਗਤਾਨ ਲਈ ਸਪਾਟ ਬਿੱਲ ਜਨਰੇਸ਼ਨ ਦੀ ਸੇਵਾ ਸ਼ੁਰੂ ਕੀਤੀ ਹੈ। ਖਾਣ ਪੀਣ ਦੀਆਂ ਵਸਤਾਂ ਦੀ ਫੀਸ ਅਤੇ ਟ੍ਰੇਨਾਂ ਵਿਚ ਉਪਲਬਧ ਮੈਨਿਊ ਵਿਚ ਵੱਧ ਪਾਰਦਰਸ਼ਿਤਾ ਲਿਆਉਣ ਲਈ ਆਈਆਰਸੀਟੀਸੀ ਨੇ ਟ੍ਰੇਨਾਂ ਵਿਚ

ਪੁਆਇੰਟ ਆਫ਼ ਸੇਲ ਹੈਂਡਹੇਲਡ ਮਸ਼ੀਨਾਂ ਰਾਹੀਂ ਨਾਲ ਆਨ ਬੋਰਡ ਰਨਿੰਗ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਹੈ। ਜਿਸ ਨਾਲ ਹੁਣ ਯਾਤਰੀ ਖਾਣ-ਪੀਣ ਦੀਆਂ ਚੀਜ਼ਾਂ ਦੀ ਖਰੀਦ ਤੋਂ ਬਾਅਦ ਇਸ ਦਾ ਭੁਗਤਾਨ ਪੀਓਐਸ ਮਸ਼ੀਨ ਰਾਹੀਂ ਕਰ ਸਕਣਗੇ ਅਤੇ ਮੌਕੇ 'ਤੇ ਹੀ ਉਹਨਾਂ ਨੂੰ ਬਿੱਲ ਮਿਲ ਸਕੇਗਾ। ਟ੍ਰੇਨ ਵਿਚ ਖਾਣ ਪੀਣ ਦੀਆਂ ਵਸਤਾਂ ਨੂੰ ਵੇਚਣ ਵਾਲਿਆਂ ਵੱਲੋਂ ਲਏ ਜਾਣ ਵਾਲੇ ਵਾਧੂ ਪੈਸਿਆਂ ਸਬੰਧੀ ਯਾਤਰੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ।

ਇਹਨਾਂ ਸ਼ਿਕਾਇਤਾਂ ਦੇ ਆਧਾਰ 'ਤੇ ਆਈਆਰਸੀਟੀਸੀ ਨੇ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੀਓਐਸ ਮਸ਼ੀਨ ਦੀ ਵਰਤੋਂ ਦਾ ਫ਼ੈਸਲਾ ਕੀਤਾ ਹੈ। ਆਈਆਰਸੀਟੀਸੀ ਦਾ ਮੰਨਣਾ ਹੈ ਕਿ ਇਸ ਨਾਲ ਵਾਧੂ ਪੈਸੇ ਲੈਣ ਦੀਆਂ ਸ਼ਿਕਾਇਤਾਂ ਘੱਟ ਜਾਣਗੀਆਂ। ਖਾਣ-ਪੀਣ ਦੀਆਂ ਚੀਜ਼ਾਂ ਦੇ ਲੈਣ-ਦੇਣ ਸਬੰਧੀ ਬਿੱਲਾਂ ਲਈ ਮੇਲ/ ਐਕਸਪ੍ਰੈਸ ਟ੍ਰੇਨ ਦੇ ਹਰ ਰੈਕ ਵਿਚ ਘੱਟ ਤੋਂ ਘੱਟ 8 ਪੀਓਐਸ ਮਸ਼ੀਨਾਂ ਹੋਣਗੀਆਂ।

ਇਸ ਰਾਹੀਂ ਟ੍ਰੇਨਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਨੂੰ ਵੇਚਿਆ ਜਾਵੇਗਾ ਅਤੇ ਯਾਤਰੀਆਂ ਨੂੰ ਤੁਰਤ ਬਿੱਲ ਦਿਤਾ ਜਾਵੇਗਾ। ਮੌਜੂਦਾ ਸਮੇਂ ਵਿਚ 2191 ਪੀਓਐਸ ਮਸ਼ੀਨਾਂ ਨੂੰ ਪੈਂਟਰੀ ਕਾਰ ਵਾਲੀਆਂ ਗੱਡੀਆਂ ਵਿਚ ਉਪਲਬਧ ਕਰਵਾਇਆ ਗਿਆ ਹੈ। ਗੱਡੀਆਂ ਲਈ ਪੀਓਐਸ ਮਸ਼ੀਨਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪੀਓਐਸ ਮਸ਼ੀਨਾਂ ਦੀ ਉਪਲਬਧਤਾ ਅਤੇ ਕੰਮ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਮੇਲ/ਐਕਸਪ੍ਰੈਸ ਟ੍ਰੇਨਾਂ ਵਿਚ

15 ਜਨਵਰੀ ਤੋਂ 26 ਜਨਵਰੀ ਤੱਕ ਵਿਸ਼ੇਸ਼ ਨਿਰੀਖਣ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਨਿਰੀਖਣ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਖਾਦ ਪਦਾਰਥਾਂ ਦੀ ਖਰੀਦ ਸਬੰਧੀ ਮਾਮਲਿਆਂ ਵਿਚ ਸਾਰੇ ਯਾਤਰੀਆਂ ਨੂੰ ਸਹੀ ਬਿੱਲ ਜਾਰੀ ਕੀਤਾ ਜਾਵੇ। ਜੇਕਰ ਕੋਈ ਖਾਮੀ ਨਜ਼ਰ ਆਉਂਦੀ ਹੈ ਤਾਂ ਸਬੰਧਤ ਕੇਟਰਸ 'ਤੇ ਕਾਰਵਾਈ ਕੀਤੀ ਜਾਵੇਗੀ।