ਈਰਾਨ ਦੇ ਹਮਲੇ ਵਿਚ ਅਮਰੀਕਾ ਦੇ ਸੈਨਿਕ ਗੰਭੀਰ ਰੂਪ ਨਾਲ ਹੋਏ ਸਨ ਜਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਨੇ ਈਰਾਨ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ਵਿਚ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿਚ...

File Photo

ਨਵੀਂ ਦਿੱਲੀ : ਈਰਾਨ ਦੁਆਰਾ ਅਮਰੀਕਾ ਦੇ ਏਅਰਬੇਸ 'ਤੇ ਕੀਤੇ ਗਏ ਹਮਲੇ ਵਿਚ ਯੂਐਸਏ ਦੇ 34 ਸੈਨਿਕ ਗੰਭੀਰ ਰੂਪ ਨਾਲ ਜਖ਼ਮੀ ਹੋਏ ਸਨ ਇਹ ਗੱਲ ਅਮਰੀਕਾ ਨੇ ਪਹਿਲੀ ਵਾਰ ਮੰਨੀ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਇਸ ਹਮਲੇ ਵਿਚ ਕੋਈ ਵੀ ਨੁਕਸਾਨ ਹੋਂਣ ਤੋਂ ਇਨਕਾਰ ਕੀਤਾ ਸੀ।

ਦਰਅਸਲ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਬੁਲਾਰੇ ਜੋਨਾਥਨ ਹਾਫਮੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ''8 ਜਨਵਰੀ ਨੂੰ ਈਰਾਕ ਵਿਚ ਈਰਾਨ ਦੁਆਰਾ ਅਮਰੀਕੀ ਬੇਸ 'ਤੇ ਕੀਤੇ ਗਏ ਮਿਸਾਇਲ ਹਮਲੇ ਵਿਚ ਅਮਰੀਕਾ ਦੇ 34 ਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਨ੍ਹਾਂ ਵਿਚੋਂ 8 ਜਵਾਨਾਂ ਨੂੰ ਇਲਾਜ ਲਈ ਜਰਮਨੀ ਭੇਜਿਆ ਗਿਆ ਸੀ ਜੋ ਕਿ ਅਮਰੀਕਾ ਵਾਪਸ ਪਰਤ ਆਏ ਹਨ ਹਾਲਾਂਕਿ 9 ਜਵਾਨਾ ਦਾ ਅਜੇ ਉੱਥੇ ਇਲਾਜ ਚੱਲ ਰਿਹਾ ਹੈ''।

ਦੱਸ ਦਈਏ ਕਿ ਅਮਰੀਕਾ ਨੇ ਈਰਾਨ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ਵਿਚ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਆਪਣੇ ਚਰਮ 'ਤੇ ਪਹੁੰਚ ਗਿਆ ਸੀ ਇਸ ਹਮਲੇ ਦੇ ਜਵਾਬ ਵਿਚ ਈਰਾਨ ਨੇ ਈਰਾਕ ਵਿਚ ਅਮਰੀਕਾ ਦੇ ਏਅਰਬੇਸ ਉੱਤੇ ਮਿਸਾਇਲਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਈਰਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਹਮਲੇ ਵਿਚ ਲਗਭਗ 80 ਅਮਰੀਕੀ ਸੈਨਿਕ ਮਾਰੇ ਗਏ ਹਨ।

ਹਾਲਾਂਕਿ ਈਰਾਨ ਦੇ ਇਸ ਦਾਅਵੇ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਰੇ ਤੋਂ ਖਾਰਜ਼ ਕਰਦਿਆ ਕਿਹਾ ਸੀ ਕਿ ਇਸ ਹਮਲੇ ਵਿਚ ਅਮਰੀਕਾ ਦੇ ਕਿਸੇ ਵੀ ਸੈਨਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਟਰੰਪ ਨੇ ਈਰਾਨ ਦੇ ਇਸ ਹਮਲੇ ਦਾ ਜਵਾਬ ਫ਼ੌਜੀ ਕਾਰਵਾਈ ਦੇ ਤੌਰ 'ਤੇ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਟਰੰਪ ਨੇ ਕਿਹਾ ਸੀ ਕਿ ਉਹ ਇਸ ਹਮਲੇ ਦਾ ਜਵਾਬ ਈਰਾਨ 'ਤੇ ਹੋਰ ਪਾਬੰਦੀਆ ਲਗਾ ਕੇ ਦੇਵੇਗਾ। ਖੈਰ ਅਮਰੀਕੀ ਸੈਨਿਕਾਂ ਦੇ ਜਖ਼ਮੀ ਹੋਣ ਦੀ ਇਸ ਖਬਰ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 'ਤੇ ਵੀ ਸਵਾਲ ਖੜ੍ਹੇ ਹੋਣ ਲੱਗ ਪਏ ਹਨ।