ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ: ਪਹਿਲੀ ਫਰਵਰੀ ਨੂੰ ਪਾਰਲੀਮੈਂਟ ਤਕ ਪੈਦਲ ਮਾਰਚ ਦਾ ਐਲਾਨ
ਬਜਟ ਸੈਸ਼ਨ ਦੌਰਾਨ ਵੀ ਕਿਸਾਨ ਆਪਣੇ ਪ੍ਰੋਗਰਾਮ ਉਲੀਕਣਗੀਆਂ ਕਿਸਾਨ ਜਥੇਬੰਦੀਆਂ
ਨਵੀਂ ਦਿੱਲੀ : ਕਿਸਾਨੀ ਅੰਦੋਲਨ ਆਪਣੀ ਸਫਲਤਾ ਦੀਆਂ ਪੌੜੀਆਂ ਸਰ ਕਰਦਾ ਅੱਗੇ ਵਧਦਾ ਜਾ ਰਿਹਾ ਹੈ। ਭਲਕੇ 26 ਜਨਵਰੀ ਨੂੰ ਹੋਂਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦਾ ਅੰਦਾਜਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਕਿਸਾਨੀ ਸਟੇਜ ਤੋਂ ਰਿੰਗ ਰੋਡ ਤੇ ਹੋਣ ਵਾਲੀ ਪਰੇਡ ਸਬੰਧੀ ਐਲਾਨ ਵਿਚ ਦੇਰੀ ਨੂੰ ਲੈ ਕੇ ਵੱਡੀ ਗਿਣਤੀ ਨੌਜਵਾਨ ਜੋਸ਼ ਵਿਚ ਆ ਗਏ ਅਤੇ ਉਹ ਉਦੋਂ ਹੀ ਸ਼ਾਂਤ ਹੋਏ ਜਦੋਂ ਕਿਸਾਨ ਆਗੂਆਂ ਨੇ ਸਟੇਜ ਤੋਂ ਐਲਾਨ ਮੁਤਾਬਕ ਟਰੈਕਟਰ ਪਰੇਡ ਕਰਨ ਦਾ ਐਲਾਨ ਨਹੀਂ ਕਰ ਦਿਤਾ।
ਸੂਤਰਾਂ ਮੁਤਾਬਕ ਦਿੱਲੀ ਦੀਆਂ ਸਰਹੱਦਾਂ ਤੇ ਇਸ ਵੇਲੇ ਤਕ ਦੋ ਤੋਂ ਢਾਈ ਲੱਖ ਤੋਂ ਵਧੇਰੇ ਟਰੈਕਟਰ ਪਹੁੰਚ ਚੁਕੇ ਹਨ। ਇਹ ਟਰੈਕਟਰ ਪਰੇਡ ਕੁੱਝ ਘੰਟਿਆਂ ਦੀ ਨਾ ਹੋ ਕੇ 24 ਤੋਂ 48 ਘੰਟੇ ਜਾਂ ਵਧੇਰੇ ਸਮੇਂ ਦੀ ਵੀ ਹੋ ਸਕਦੀ ਹੈ। ਲੱਖਾਂ ਟਰੈਕਟਰਾਂ ਦੀ ਤੈਅ ਰੂਟ ਤੇ ਪਰੇਡ ਕਰਵਾਉਣੀ ਅਤੇ ਵਾਪਸ ਆਪਣੇ ਟਿਕਾਣੇ ‘ਤੇ ਲਿਆਉਣਾ ਇਕ ਵੱਡਾ ਕਾਰਜ ਹੈ।
ਇਸ ਨੂੰ ਲੈ ਕੇ ਜਿੱਥੇ ਨੌਜਵਾਨਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਨੌਜਵਾਨਾਂ ਦੇ ਜੋਸ਼ ਅਤੇ ਜ਼ਜ਼ਬੇ ਨੂੰ ਜਾਬਤੇ ਵਿਚ ਰੱਖਣਾ ਕਿਸਾਨ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਹੈ। ਕੁੱਝ ਕਿਸਾਨ ਆਗੂਆਂ ਵਲੋਂ ਰੂਟ ਬਦਲਣ ਦੀਆਂ ਅਫਵਾਹਾਂ ਨੂੰ ਠੱਲ੍ਹਣ ਲਈ ਤੈਅ ਰੂਟਾਂ ਤੇ ਪਹੁੰਚ ਕੇ ਸਿੱਧੇ ਪ੍ਰਸਾਰਨ ਜ਼ਰੀਏ ਲੋਕਾਂ ਨੂੰ ਦਿੱਲੀ ਅੰਦਰਲੇ ਰੂਟਾਂ ਬਾਰੇ ਭਰੋਸਾ ਦਿਵਾਇਆ ਜਾ ਰਿਹਾ ਹੈ।
ਟਰੈਕਟਰਾਂ ਦੀ ਗਿਣਤੀ ਨੂੰ ਵੇਖਦਿਆਂ ਕਿਸਾਨ ਆਗੂਆਂ ਨੇ ਵੱਖ-ਵੱਖ ਰੂਟ ਤੈਅ ਕੀਤੇ ਹਨ ਤਾਂ ਜੋ ਜਾਮ ਵਰਗੀ ਸਥਿਤੀ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਟਰੈਕਟਰ ਪਰੇਡ ਲਈ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਨੇ ਅਗਲੇਰੇ ਕਦਮਾਂ ਦਾ ਐਲਾਨ ਵੀ ਕਰਨਾ ਸ਼ੁਰੂ ਕਰ ਦਿਤਾ ਹੈ। ਕਿਸਾਨ ਆਗੂਆਂ ਨੇ ਪਰੇਡ ਤੋਂ ਬਾਅਦ ਕਿਸਾਨਾਂ ਨੂੰ ਵਾਪਸ ਨਾ ਮੁੜਣ ਦੀ ਹਦਾਇਤ ਦਿਤੀ ਹੈ।
ਕਿਸਾਨ ਆਗੂਆਂ ਨੇ ਬਜਟ ਸੈਸ਼ਨ ਦੇ ਮੱਦੇਨਜ਼ਰ 1 ਫਰਵਰੀ ਨੂੰ ਸੰਸਦ ਤਕ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਵਲੋਂ ਬਜਟ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਵਲੋਂ ਕਿਸਾਨਾਂ ਦੀ ਆਵਾਜ਼ ਉਠਾਉਣ ‘ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਕਿਸਾਨ ਜਥੇਬੰਦੀਆਂ ਦੀ ਮਨਸ਼ਾ ਬਜਟ ਸੈਸ਼ਨ ਦੌਰਾਨ ਵੀ ਪ੍ਰਦਰਸ਼ਨ ਜਾਰੀ ਰੱਖਣ ਦੀ ਹੈ। ਕਿਸਾਨ ਆਗੂਆਂ ਨੇ ਦਿੱਲੀ 'ਚ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਵਾਲਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੈਕਟਰ ਪਰੇਡ ਮਗਰੋਂ ਵਾਪਿਸ ਨਾ ਜਾਣ। ਦਿੱਲੀ ਵਿਚ ਹੀ ਰੁਕਣ ਅਤੇ ਅਗਲੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ।