ਕਿਸਾਨ ਦੀ ਅਨੋਖੀ ਪਹਿਲ: ਰਿਵਰਸ ਗੇਅਰ ਟਰੈਕਟਰ ਚਲਾ ਕੇ ਦਿੱਤਾ ਕਾਨੂੰਨ ਵਾਪਸੀ ਦਾ ਸੁਨੇਹਾ
ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। ਸਰਕਾਰ ਨੂੰ ਕਾਨੂੰਨ ਵਾਪਸ ਕਰਨ ਦਾ ਸੁਨੇਹਾ ਦੇਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਢੰਗ-ਤਰੀਕੇ ਅਪਨਾ ਰਹੇ ਹਨ। ਕੁੱਝ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਵੱਲ ਪੱਤਰ ਭੇਜਿਆ ਹੈ। ਇਸੇ ਤਰ੍ਹਾਂ ਧਰਨੇ ਵਿਚ ਸ਼ਾਮਲ ਹੋਣ ਲਈ ਪੈਦਲ ਚੱਲਣ ਤੋਂ ਇਲਾਵਾ ਲੋਕ ਤਰ੍ਹਾਂ ਤਰ੍ਹਾਂ ਦੇ ਸਾਧਨ ਵਰਤ ਰਹੇ ਹਨ।
ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਇੰਨੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕਿਸਾਨ ਰਿਵਰਸ ਗੇਅਰ ਟਰੈਕਟਰ ਚਲਾ ਕੇ ਦਿੱਲੀ ਵੱਲ ਜਾ ਰਿਹਾ ਹੈ। ਕਿਸਾਨ ਮੁਤਾਬਕ ਉਸ ਦਾ ਮਕਸਦ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਸੁਨੇਹਾ ਦੇਣਾ ਹੈ।
ਕਿਸਾਨ ਮੁਤਾਬਕ ਜਿਵੇਂ ਉਹ ਉਲਟਾ ਕਟੈਰਟਰ ਚਲਾ ਕੇ ਦਿੱਲੀ ਪਹੁੰਚਿਆ ਹੈ, ਇਸੇ ਤਰ੍ਹਾਂ ਸਰਕਾਰ ਨੂੰ ਵੀ ਆਪਣੇ ਕਾਨੂੰਨਾਂ ਨੂੰ ਪਿਛਲਪੈਰੀ ਕਰਦਿਆਂ ਰੱਦ ਕਰ ਦੇਣਾ ਚਾਹੀਦਾ ਹੈ। ਟਰੈਕਟਰ ਨੂੰ ਵਿਸ਼ੇਸ਼ ਤਰੀਕੇ ਨਾਲ ਸਜਾ ਕੇ ਦਿੱਲੀ ਵੱਲ ਜਾ ਰਹੇ ਇਸ ਕਿਸਾਨ ਨੂੰ ਵੇਖਣ ਲਈ ਰਸਤੇ ਵਿਚ ਵੱਡੀ ਗਿਣਤੀ ਲੋਕ ਇਕੱਤਰ ਹੋ ਰਹੇ ਹਨ।
ਕਾਬਲੇਗੌਰ ਹੈ ਕਿ 26 ਜਨਵਰੀ ਮੌਕੇ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਹਿ ਹੈ। ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਟਰੈਕਟਰ ਪਰੇਡ ਵਿਚ ਵੱਖ-ਵੱਖ ਸੂਬਿਆਂ ਦੀਆਂ ਬਹੁਤ ਸਾਰੀਆਂ ਝਾਂਕੀਆਂ ਰਾਹੀਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨਕਾਰੀਆਂ ਦੀ ਹਿੰਮਤ ਦਰਸਾਈ ਜਾਵੇਗੀ। ਕਿਸਾਨਾਂ ਵਲੋਂ ਟਰੈਕਟਰਾਂ ਨੂੰ ਵਿਲੱਖਣ ਤਰੀਕੇ ਨਾਲ ਸਜਾਇਆ ਗਿਆ ਹੈ, ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।