ਹਿੰਦੂਤਵ ਦੇ ਮੁੱਦੇ 'ਤੇ ਚੋਣ ਲੜਨ ਵਾਲੀ ਦੇਸ਼ ਦੀ ਪਹਿਲੀ ਪਾਰਟੀ ਹੈ ਸ਼ਿਵ ਸੈਨਾ: ਸੰਜੇ ਰਾਉਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸ਼ਿਵ ਸੈਨਾ ਹਿੰਦੂਤਵ ਦੇ ਮੁੱਦੇ 'ਤੇ ਚੋਣਾਂ ਲੜਨ ਵਾਲੀ ਦੇਸ਼ ਦੀ ਪਹਿਲੀ ਪਾਰਟੀ ਹੈ।

Sanjay Raut


ਮੁੰਬਈ: ਭਾਰਤੀ ਜਨਤਾ ਪਾਰਟੀ 'ਤੇ ਹਮਲਾ ਬੋਲਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸ਼ਿਵ ਸੈਨਾ ਹਿੰਦੂਤਵ ਦੇ ਮੁੱਦੇ 'ਤੇ ਚੋਣਾਂ ਲੜਨ ਵਾਲੀ ਦੇਸ਼ ਦੀ ਪਹਿਲੀ ਪਾਰਟੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਦੋਸ਼ ਲਾਇਆ ਸੀ ਕਿ ਸ਼ਿਵ ਸੈਨਾ ਦਾ ਹਿੰਦੂਤਵ ਸਿਰਫ਼ ਕਾਗਜ਼ਾਂ 'ਤੇ ਹੈ। 1980 ਵਿਚ ਮੁੰਬਈ ਵਿਚ ਵਿਲੇ ਪਾਰਲੇ ਵਿਧਾਨ ਸਭਾ ਸੀਟ ਲਈ ਹੋਈਆਂ ਉਪ ਚੋਣਾਂ ਦਾ ਜ਼ਿਕਰ ਕਰਦਿਆਂ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਦੇ ਉਮੀਦਵਾਰ ਰਮੇਸ਼ ਪ੍ਰਭੂ ਹਿੰਦੂਤਵ ਦੇ ਮੁੱਦੇ ’ਤੇ ਲੜੇ ਸਨ।

Sanjay Raut

ਉਹਨਾਂ ਕਿਹਾ ਕਿ ਦੇਸ਼ ਵਿਚ ਚੋਣ ਰਾਜਨੀਤੀ ਵਿਚ ਪਹਿਲੀ ਵਾਰ ਹਿੰਦੂਤਵ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਹਨਾਂ ਉਪ ਚੋਣ ਵਿਚ ਕਾਂਗਰਸ ਅਤੇ ਭਾਜਪਾ ਵੀ ਮੈਦਾਨ ਵਿਚ ਸਨ। ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ 'ਤੇ ਹਮਲਾ ਕਰਦੇ ਹੋਏ ਸੰਜੇ ਰਾਉਤ ਨੇ ਕਿਹਾ, "ਇਸ ਜਿੱਤ ਤੋਂ ਬਾਅਦ ਭਾਜਪਾ ਹਿੰਦੂਤਵ ਦੇ ਮੁੱਦੇ 'ਤੇ ਗਠਜੋੜ ਲਈ ਸ਼ਿਵ ਸੈਨਾ ਕੋਲ ਆਈ ਅਤੇ ਬਾਲਾ ਸਾਹਿਬ ਇਸ ਲਈ ਸਹਿਮਤ ਹੋਏ ਕਿਉਂਕਿ ਉਹ ਹਿੰਦੂਆਂ ਦੀਆਂ ਵੋਟਾਂ ਨੂੰ ਵੰਡਣਾ ਨਹੀਂ ਚਾਹੁੰਦੇ ਸਨ। ਭਾਜਪਾ ਦੇ ਸਮਕਾਲੀ ਆਗੂ ਇਸ ਇਤਿਹਾਸ ਤੋਂ ਅਣਜਾਣ ਹਨ।"

Devendra Fadnavis

ਦਰਅਸਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਦੋਸ਼ ਲਾਇਆ ਸੀ ਕਿ ਭਾਜਪਾ ਸੱਤਾ ਲਈ ਹਿੰਦੂਤਵ ਦਾ ਸਹਾਰਾ ਲੈ ਰਹੀ ਹੈ, ਜਿਸ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਹਿੰਦੂਤਵ 'ਤੇ ਟਿੱਪਣੀ ਤੋਂ ਇਕ ਦਿਨ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਦੇਵੇਂਦਰ ਫੜਨਵੀਸ ਨੇ ਸੋਮਵਾਰ ਨੂੰ ਕਿਹਾ ਕਿ ਸ਼ਿਵ ਸੈਨਾ ਦਾ ਹਿੰਦੂਤਵ ਸਿਰਫ ਕਾਗਜ਼ਾਂ 'ਤੇ ਹੈ ਅਤੇ ਭਾਸ਼ਣਾਂ ਤੋਂ ਬਾਹਰ ਦਿਖਾਈ ਨਹੀਂ ਦਿੰਦਾ।

Uddhav Thackeray

ਸੋਮਵਾਰ ਨੂੰ ਫੜਨਵੀਸ ਨੇ ਕਿਹਾ ਸੀ, 'ਰਾਮ ਜਨਮ ਭੂਮੀ ਅੰਦੋਲਨ 'ਚ ਸ਼ਿਵ ਸੈਨਾ ਵਲੋਂ ਕਿਸ ਨੇ ਹਿੱਸਾ ਲਿਆ ਸੀ? ਅਸੀਂ ਅੰਦੋਲਨ ਵਿਚ ਗੋਲੀਆਂ ਅਤੇ ਲਾਠੀਆਂ ਖਾਧੀਆਂ। ਤੁਹਾਡਾ (ਸ਼ਿਵ ਸੈਨਾ ਦਾ) ਹਿੰਦੂਤਵ ਸਿਰਫ਼ ਕਾਗਜ਼ਾਂ 'ਤੇ ਹੈ’। ਰਾਉਤ ਨੇ ਦੋਸ਼ ਲਾਇਆ ਕਿ ਭਾਜਪਾ ਨੇ ਆਪਣੇ ਮਰਹੂਮ ਆਗੂਆਂ ਜਿਵੇਂ ਪ੍ਰਮੋਦ ਮਹਾਜਨ, ਗੋਪੀਨਾਥ ਮੁੰਡੇ ਅਤੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਨ੍ਹਾਂ ਨੇ ਮਹਾਰਾਸ਼ਟਰ ਅਤੇ ਗੋਆ ਵਿਚ ਪਾਰਟੀ ਨੂੰ ਬਣਾਉਣ ਵਿਚ ਮਦਦ ਕੀਤੀ ਸੀ। ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਦੇ ਕੌਂਸਲਰ ਅਤੇ ਵਿਧਾਇਕ ਮੁੰਬਈ ਤੋਂ ਉਦੋਂ ਚੁਣੇ ਗਏ ਸਨ ਜਦੋਂ ਭਾਜਪਾ ਅਤੇ ਦੇਵੇਂਦਰ ਫੜਨਵੀਸ ਦਾ ਜਨਮ ਵੀ ਨਹੀਂ ਹੋਇਆ ਸੀ।