ਜੋਸ਼ੀਮਠ ਜ਼ਮੀਨ ਖਿਸਕਣ ਦਾ ਅਧਿਐਨ ਕਰ ਰਹੀਆਂ ਤਕਨੀਕੀ ਸੰਸਥਾਵਾਂ ਨੇ ਐਨ.ਡੀ.ਐਮ.ਏ. ਨੂੰ ਸੌਂਪੀ ਆਪਣੀ ਮੁਢਲੀ ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਥਾਵਾਂ ਨੂੰ ਸਮੱਸਿਆਵਾਂ ਦੇ ਨਾਲ ਹੱਲ ਦੱਸਣ, ਅਤੇ ਇੱਕ ਦੂਜੇ ਨਾਲ ਸਾਂਝੇ ਕਰਨ ਲਈ ਕਿਹਾ ਗਿਆ 

Representative Image

 

ਦੇਹਰਾਦੂਨ - ਜੋਸ਼ੀਮਠ ਜ਼ਮੀਨ ਖਿਸਕਣ ਦਾ ਵੱਖ-ਵੱਖ ਪਹਿਲੂਆਂ ਤੋਂ ਅਧਿਐਨ ਕਰਨ ਵਾਲੀਆਂ ਸਾਰੀਆਂ ਤਕਨੀਕੀ ਸੰਸਥਾਵਾਂ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੂੰ ਆਪਣੀਆਂ ਮੁਢਲੀਆਂ ਰਿਪੋਰਟਾਂ ਸੌਂਪ ਦਿੱਤੀਆਂ ਹਨ, ਜਦਕਿ ਦਰਾਰਾਂ ਵਾਲੇ ਘਰਾਂ ਦੀ ਗਿਣਤੀ 'ਚ ਵਾਧਾ ਨਾ ਹੋਣ, ਅਤੇ ਪਾਣੀ ਦਾ ਰਿਸਾਅ ਘਟਣ ਨਾਲ ਪ੍ਰਸ਼ਾਸਨ ਨੂੰ ਰਾਹਤ ਮਿਲੀ ਹੈ।

ਸੂਬੇ ਦੇ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਜੋਸ਼ੀਮਠ ਵਿੱਚ ਕੰਮ ਕਰ ਰਹੀਆਂ ਜ਼ਿਆਦਾਤਰ ਤਕਨੀਕੀ ਸੰਸਥਾਵਾਂ ਦਾ ਅਧਿਐਨ ਅਜੇ ਵੀ ਚੱਲ ਰਿਹਾ ਹੈ, ਪਰ ਇਨ੍ਹਾਂ ਸਾਰਿਆਂ ਨੇ ਆਪਣੀਆਂ ਮੁਢਲੀਆਂ ਰਿਪੋਰਟਾਂ ਅਥਾਰਟੀ ਨੂੰ ਸੌਂਪ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਅਥਾਰਟੀ ਸਾਰੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਦਾ ਅਧਿਐਨ ਕਰਨ ਤੋਂ ਬਾਅਦ ਇਸ ਤੋਂ ਅੰਤਿਮ ਰਿਪੋਰਟ ਤਿਆਰ ਕਰੇਗੀ ਅਤੇ ਇਸ ਦੇ ਨਤੀਜਿਆਂ ਬਾਰੇ ਸਰਕਾਰ ਨੂੰ ਸੂਚਿਤ ਕਰੇਗੀ।

ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ, ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ, ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜਿਓਲੋਜੀ, ਜਿਓਲਾਜੀਕਲ ਸਰਵੇ ਆਫ਼ ਇੰਡੀਆ, ਸੈਂਟਰਲ ਗਰਾਊਂਡ ਵਾਟਰ ਬੋਰਡ, ਇੰਡੀਅਨ ਇੰਸਟੀਚਿਊਟ ਆਫ਼ ਰਿਮੋਟ ਸੈਂਸਿੰਗ ਅਤੇ ਆਈਆਈਟੀ ਰੁੜਕੀ ਵਰਗੇ ਅਦਾਰੇ ਜੋਸ਼ੀਮਠ ਵਿੱਚ ਤਾਜ਼ਾ ਜ਼ਮੀਨ ਖਿਸਕਣ ਬਾਰੇ ਵੱਖ-ਵੱਖ ਪਹਿਲੂਆਂ ਤੋਂ ਅਧਿਐਨ ਕਰਨ ਵਿੱਚ ਰੁੱਝੇ ਹੋਏ ਹਨ। 

ਉੱਤਰਾਖੰਡ ਦੇ ਮੁੱਖ ਸਕੱਤਰ ਸੁਖਬੀਰ ਸਿੰਘ ਸੰਧੂ ਨੇ ਪਿਛਲੇ ਹਫ਼ਤੇ ਸੰਸਥਾਵਾਂ ਨੂੰ ਆਪਣੀਆਂ ਰਿਪੋਰਟਾਂ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਸੰਸਥਾਵਾਂ ਨੂੰ ਆਪਣੀਆਂ ਰਿਪੋਰਟਾਂ ਵਿੱਚ ਸਮੱਸਿਆਵਾਂ ਦੇ ਨਾਲ-ਨਾਲ ਹੱਲ ਸਪੱਸ਼ਟ ਰੂਪ ਵਿੱਚ ਦੱਸਣ ਅਤੇ ਇੱਕ ਦੂਜੇ ਨਾਲ ਸਾਂਝੇ ਕਰਨ ਲਈ ਕਿਹਾ।

ਸਿਨਹਾ ਨੇ ਕਿਹਾ ਕਿ ਬੁੱਧਵਾਰ ਨੂੰ ਜੋਸ਼ੀਮਠ ਦੇ ਮਾਰਵਾੜੀ ਇਲਾਕੇ 'ਚ ਇੱਕ ਅਣਜਾਣ ਭੂਮੀਗਤ ਸਰੋਤ ਤੋਂ ਪਾਣੀ ਦਾ ਰਿਸਾਅ 181 ਲੀਟਰ ਪ੍ਰਤੀ ਮਿੰਟ ਦਰਜ ਕੀਤਾ ਗਿਆ। ਪਰ ਸ਼ੁਰੂ ਵਿੱਚ 6 ਜਨਵਰੀ ਨੂੰ ਪਾਣੀ ਦੀ ਲੀਕੇਜ 540 ਲੀਟਰ ਪ੍ਰਤੀ ਮਿੰਟ ਦਰਜ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਰਵੇ ਦਾ ਕੰਮ ਚੱਲ ਰਿਹਾ ਹੈ ਅਤੇ ਬੁੱਧਵਾਰ ਨੂੰ ਤਰੇੜਾਂ ਵਾਲੀਆਂ (863) ਇਮਾਰਤਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਵਿੱਚ ਵੀ ਵੱਡੀਆਂ ਤਰੇੜਾਂ ਵਾਲੀਆਂ ਇਮਾਰਤਾਂ ਦੀ ਗਿਣਤੀ ਸਿਰਫ਼ 505 ਹੈ, ਜਦੋਂਕਿ ਬਾਕੀਆਂ ਵਿੱਚ ਸਿਰਫ਼ ਛੋਟੀਆਂ ਤਰੇੜਾਂ ਹਨ।

ਸੁਰੱਖਿਆ ਦੇ ਮੱਦੇਨਜ਼ਰ ਹੁਣ ਤੱਕ 286 ਪਰਿਵਾਰਾਂ ਨੂੰ ਅਸਥਾਈ ਤੌਰ 'ਤੇ ਕਿਤੇ ਹੋਰ ਭੇਜਿਆ ਗਿਆ ਹੈ, ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ 957 ਹੈ। ਇਸ ਤੋਂ ਇਲਾਵਾ ਹੁਣ ਤੱਕ 307 ਪ੍ਰਭਾਵਿਤ ਪਰਿਵਾਰਾਂ ਨੂੰ ਅੰਤਰਿਮ ਰਾਹਤ ਵਜੋਂ 3.77 ਕਰੋੜ ਰੁਪਏ ਦੀ ਰਾਸ਼ੀ ਵੀ ਵੰਡੀ ਜਾ ਚੁੱਕੀ ਹੈ।

ਦੂਜੇ ਪਾਸੇ ਜੋਸ਼ੀਮਠ ਵਿੱਚ ਬਾਗਬਾਨੀ ਵਿਭਾਗ ਦੀ ਜ਼ਮੀਨ ’ਤੇ ਨਿਰਮਾਣ ਅਧੀਨ ਮਾਡਲ ਪ੍ਰੀ-ਫੈਬਰੀਕੇਟਿਡ ਸ਼ੈਲਟਰ ਮੁਕੰਮਲ ਹੋਣ ਦੇ ਪੜਾਅ ’ਤੇ ਹੈ, ਜਦਕਿ ਚਮੋਲੀ ਦੇ ਢਾਕ ਪਿੰਡ ਵਿੱਚ ਪ੍ਰੀ-ਫੈਬਰੀਕੇਟਿਡ ਸ਼ੈਲਟਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਇਸੇ ਦੌਰਾਨ ਅਸੁਰੱਖਿਅਤ ਐਲਾਨੇ ਗਏ ਦੋ ਹੋਟਲਾਂ ਨੂੰ ਢਾਹੁਣ ਦਾ ਕੰਮ, ਲੋਕ ਨਿਰਮਾਣ ਵਿਭਾਗ ਦੀ ਇਮਾਰਤ ਅਤੇ ਜੋਸ਼ੀਮਠ ਵਿੱਚ ਤਿੰਨ ਨਿੱਜੀ ਇਮਾਰਤਾਂ ਦੀ ਜਾਂਚ ਵੀ ਕੇਂਦਰੀ ਭਵਨ ਖੋਜ ਸੰਸਥਾ ਦੀ ਤਕਨੀਕੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ।