ਓਵੈਸੀ ਨੇ ਗੱਲਾਂ-ਗੱਲਾਂ 'ਚ ਕਪਿਲ ਮਿਸ਼ਰਾ ਨੂੰ ਦੱਸਿਆ ਮੋਦੀ ਵੱਲੋਂ ਪਾਲਿਆ ਹੋਇਆ ਸੱਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਵੈਸੀ ਨੇ ਇਸ਼ਾਰਿਆਂ ਵਿੱਚ ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਨਿਸ਼ਾਨਾ ਬਣਾਇਆ

File

ਨਵੀਂ ਦਿੱਲੀ- AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਿਚ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਹੋਈ ਹਿੰਸਾ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ। ਹੈਦਰਾਬਾਦ ਵਿੱਚ ਸੀਏਏ-ਐਨਆਰਸੀ ਅਤੇ ਐਨਪੀਆਰ ਵਿਰੁੱਧ ਹੋਈ ਇੱਕ ਬੈਠਕ ਵਿੱਚ, ਓਵੈਸੀ ਨੇ ਕਿਹਾ, "ਅਸੀਂ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਸੱਪ ਤੁਸੀਂ ਘਰ ਦੇ ਪਿੱਛੇ ਪਾਲਿਆ ਹੈ, ਉਹ ਤੁਹਾਨੂੰ ਹੀ ਕੱਟ ਲਵੇਗਾ।" 

ਓਵੈਸੀ ਨੇ ਇਸ਼ਾਰਿਆਂ ਵਿੱਚ ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ, “ਇਹ ਦੰਗੇ ਇੱਕ ਸਾਬਕਾ ਵਿਧਾਇਕ ਦੀ ਵਜ੍ਹਾ ਨਾਲ ਹੋ ਰਹੇ ਹਨ। ਹੁਣ ਇਸ ਵਿੱਚ ਪੁਲਿਸ ਦੀ ਸ਼ਮੂਲੀਅਤ ਦੇ ਸਪਸ਼ਟ ਸਬੂਤ ਮਿਲੇ ਹਨ। ਸਾਬਕਾ ਵਿਧਾਇਕ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਹਿੰਸਾ ਨੂੰ ਜਲਦੀ ਤੋਂ ਜਲਦੀ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। 

ਨਹੀਂ ਤਾਂ ਇਹ ਹੋਰ ਫੈਲ ਜਾਵੇਗਾ।” ਇਸ ਦੇ ਨਾਲ ਹੀ ਓਵੈਸੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਵਿੱਚ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਨੂੰ ਰੋਕਣ ਲਈ ਦਿੱਲੀ ਪੁਲਿਸ ‘ਤੇ ਦਬਾਅ ਪਾਉਣ। ਬੀਜੇਪੀ ਨੇਤਾ ਕਪਿਲ ਮਿਸ਼ਰਾ ਨੇ ਐਤਵਾਰ ਨੂੰ ਮੌਜਪੁਰ ਵਿੱਚ ਸੀਏਏ ਦੇ ਸਮਰਥਨ ਵਿੱਚ ਭਾਸ਼ਣ ਦਿੱਤਾ। 

ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਖੁੱਲ੍ਹ ਕੇ ਚੇਤਾਵਨੀ ਦਿੱਤੀ ਕਿ ਜੇ ਸੀਏਏ ਵਿਰੁੱਧ ਪ੍ਰਦਰਸ਼ਨਕਾਰੀਆਂ ਨੂੰ ਨਾ ਹਟਾਇਆ ਗਿਆ ਤਾਂ ਉਹ ਕਿਸੇ ਦੀ ਨਹੀਂ ਸੁਣਨਗੇ। ਦੱਸਿਆ ਜਾ ਰਿਹਾ ਹੈ ਕਿ ਕਪਿਲ ਮਿਸ਼ਰਾ ਦੇ ਭਾਸ਼ਣ ਤੋਂ ਅੱਧੇ ਘੰਟੇ ਬਾਅਦ ਹੀ ਮੌਜਪੁਰ ਵਿੱਚ ਟਕਰਾਅ ਸ਼ੁਰੂ ਹੋਇਆ ਸੀ। ਹਿੰਸਾ ਤੋਂ ਬਾਅਦ ਮਿਸ਼ਰਾ ਨੇ ਟਵੀਟ ਕੀਤਾ ਕਿ ਜਦੋਂ ਤੱਕ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਵਿੱਚ ਹਨ।

ਅਸੀਂ ਇਸ ਖੇਤਰ ਨੂੰ ਸ਼ਾਂਤੀ ਨਾਲ ਛੱਡ ਰਹੇ ਹਾਂ। ਇਸ ਦੇ ਬਾਅਦ ਅਸੀਂ ਪੁਲਿਸ ਦੀ ਵੀ ਨਹੀਂ ਸੁਣਾਂਗੇ। ਜ਼ਫਰਾਬਾਦ-ਮੌਜਪੁਰ ਵਿੱਚ ਸੋਮਵਾਰ ਨੂੰ ਹੋਈ ਹਿੰਸਾ ਵਿੱਚ ਇੱਕ ਪੁਲਿਸ ਕਾਂਸਟੇਬਲ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ।