ਪੱਖੇ ਨਾਲ ਲਟਕਦੀ ਮਿਲੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਲਾਸ਼
‘ਮੌਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ’
ਜੰਮੂ (ਸਰਬਜੀਤ ਸਿੰਘ): ਤ੍ਰਿਕੂਟਾਨਗਰ ਦੇ ਸੈਕਟਰ-3 ਵਿਚ ਸਥਿਤ ਗੁਰਦੁਆਰਾ ਬਾਲਾ ਪ੍ਰੀਤਮ ਵਿਖੇ ਸ਼ੱਕੀ ਹਾਲਾਤ ਇਕ ਸੇਵਾਦਾਰ ਦੀ ਲਾਸ਼ ਉਸ ਦੇ ਕਮਰੇ ਵਿਚ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਸੇਵਾਦਾਰ ਭੁਪਿੰਦਰ ਸਿੰਘ ਨਿਵਾਸੀ ਨੌਸ਼ਿਹਰਾ ਰਾਜੌਰੀ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਸੇਵਾਦਾਰ ਭੁਪਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਇਸ ਗੁਰਦਵਾਰੇ ਵਿਚ ਸੇਵਾ ਨਿਭਾ ਰਿਹਾ ਸੀ।
ਗੁਰਦੁਆਰਾ ਕਮੇਟੀ ਵਲੋਂ ਉਸ ਨੂੰ ਗੁਰਦਵਾਰੇ ਵਿਚ ਹੀ ਰਹਿਣ ਲਈ ਇਕ ਕਮਰਾ ਦਿਤਾ ਗਿਆ ਸੀ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਗੁਰਦੁਆਰਾ ਬਾਲਾ ਪ੍ਰੀਤਮ ਦੇ ਇਕ ਸੇਵਾਦਾਰ ਦੀ ਮੌਤ ਹੋਣ ਦੀ ਜਾਣਕਾਰੀ ਫ਼ੋਨ ਤੇ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਉਸ ਸਮੇਂ ਸੇਵਾਦਾਰ ਭੁਪਿੰਦਰ ਸਿੰਘ ਅਪਣੇ ਕਮਰੇ ਵਿਚ ਲੱਗੇ ਪੱਖੇ ਨਾਲ ਝੂਲ ਰਿਹਾ ਸੀ।
ਗੁਰਦਵਾਰੇ ਦੇ ਹੋਰ ਸੇਵਾਦਾਰਾਂ ਨੇ ਦਸਿਆ ਕਿ ਭੁਪਿੰਦਰ ਸਿੰਘ ਸਵੇਰੇ ਹੀ ਉਠ ਕੇ ਤਿਆਰ ਹੋ ਜਾਂਦਾ ਸੀ ਪਰ ਅੱਜ ਜਦੋਂ ਉਹ ਅਪਣੇ ਕਮਰੇ ਤੋਂ ਬਾਹਰ ਨਾ ਆਇਆ, ਤਾਂ ਉਸ ਨੂੰ ਦੇਖਣ ਲਈ ਇਕ ਸੇਵਾਦਾਰ ਉਸ ਦੇ ਕਮਰੇ ਵੱਲ ਗਿਆ ਪਰ ਕਮਰਾ ਅੰਦਰੋਂ ਬੰਦ ਸੀ। ਜਦੋਂ ਸੇਵਾਦਾਰ ਨੇ ਸਵੇਰੇ 8 ਵਜੇ ਦੇ ਕਰੀਬ ਭੁਪਿੰਦਰ ਸਿੰਘ ਦੇ ਕਮਰੇ ਅੰਦਰ ਦੇਖਿਆ ਤਾਂ ਪਾਇਆ ਭੁਪਿੰਦਰ ਸਿੰਘ ਦੀ ਮ੍ਰਿਤਕ ਦੇਹ ਪੱਖੇ ਦੇ ਹੁਕ ਨਾਲ ਪਈ ਰੱਸੀ ਨਾਲ ਲਟਕ ਰਹੀ ਸੀ।
ਪੁਲਿਸ ਮੁਲਾਜ਼ਮਾਂ ਨੇ ਮੌਕੇ ਤੋਂ ਸਬੂਤ ਇਕੱਠਿਆਂ ਕਰਨ ਲਈ ਫ਼ੋਰੈਂਸਿਕ ਸਾਇੰਸ ਲੈਬਾਰਟਰੀ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ। ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿਤਾ ਗਿਆ। ਤਿ੍ਰਕੁਟਾ ਨਗਰ ਪੁਲਿਸ ਅਨੁਸਾਰ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰੀਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਧਰ ਮ੍ਰਿਤਕ ਭੁਪਿੰਦਰ ਸਿੰਘ ਦੀ ਲਾਸ਼ ਦੀ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਪ੍ਰਵਾਰ ਦੇ ਹਵਾਲੇ ਕਰ ਦਿਤਾ ਗਿਆ ਹੈ।