ਟਰਾਈ ਦਾ ਡਿਸ਼ ਟੀ.ਵੀ. ਇੰਡੀਆ ਨੂੰ ਨਵੇਂ ਨਿਯਮਾਂ ਦਾ ਪਾਲਣ ਕਰਨ ਦਾ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟਰਾਈ ਨੇ ਕੰਪਨੀ ਦੀ ਖਾਸ ਸੇਵਾ ਪੇਸ਼ਕਸ਼ ਅਤੇ ਸ਼ਿਕਾਇਤ ਹੱਲ ਹੈਲਪਲਾਈਨ ਨਾਲ ਜੁੜੀ ਉਪਭੋਗਤਾਵਾਂ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ

TRAI pulls up Dish TV India; seeks compliance with new regulatory norms

ਨਵੀਂ ਦਿੱਲੀ : ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਡਿਸ਼ ਟੀ.ਵੀ. ਇੰਡੀਆ ਨੂੰ ਪ੍ਰਸਾਰਨ ਅਤੇ ਕੇਬਲ ਟੀ.ਵੀ. ਸੇਵਾਵਾਂ ਲਈ ਨਵੇਂ ਰੈਗੂਲੇਟਰੀ ਢਾਂਚੇ ਦੇ ਨਿਯਮਾਂ ਦਾ ਪਾਲਣ ਕਰਨ ਦਾ ਹੁਕਮ ਦਿਤਾ ਹੈ। ਟਰਾਈ ਨੇ ਕੰਪਨੀ ਦੀ ਖਾਸ ਸੇਵਾ ਪੇਸ਼ਕਸ਼ ਅਤੇ ਸ਼ਿਕਾਇਤ ਹੱਲ ਹੈਲਪਲਾਈਨ ਨਾਲ ਜੁੜੀ ਉਪਭੋਗਤਾਵਾਂ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ(ਟਰਾਈ) ਨੇ ਨਵੇਂ ਚਾਰਜ ਅਤੇ ਰੈਗੂਲੇਟਰੀ ਵਿਵਸਥਾ ਦਾ ਉਲੰਘਣ ਕਰਨ ਵਾਲੇ ਕੇਬਲ ਟੀ.ਵੀ. ਅਤੇ ਡੀ.ਟੀ.ਐਚ. ਕੰਪਨੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਟਰਾਈ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਸੇ ਆਧਾਰ 'ਤੇ ਭਾਰਤੀ ਟੈਲੀਕਾਮ ਮੀਡੀਆ ਨੂੰ ਵੀ ਝਾੜ ਲਗਾਈ ਸੀ। ਟਰਾਈ ਦੀ ਵੈਬਸਾਈਟ 'ਤੇ ਮੌਜੂਦ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤ ਅਨੁਸਾਰ ਡੀ.ਟੀ.ਐਚ. ਕੰਪਨੀ ਉਪਭੋਗਤਾਵਾਂ ਨੂੰ ਜ਼ਬਰਦਸਤੀ ਫਰੀ-ਟੂ-ਏਅਰ ਚੈਨਲਾਂ ਦਾ ਸਮੂਹ ਉਪਲੱਬਧ ਕਰਵਾ ਰਹੀ ਹੈ। ਇਸ ਲਈ ਨਾ ਤਾਂ ਉਨ੍ਹਾਂ ਦੀ ਸਹਿਮਤੀ ਲਈ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹੋਰ ਵਿਕਲਪ ਦਿਤਾ ਜਾ ਰਿਹਾ ਹੈ। 

ਟਰਾਈ ਨੇ ਕਿਹਾ ਕਿ ਇਹ ਸਭ ਗਾਹਕਾਂ ਵਲੋਂ ਲਏ ਗਏ ਚੈਨਲਾਂ ਤੋਂ ਇਲਾਵਾ ਦਿਤਾ ਜਾ ਰਿਹਾ ਹੈ ਅਤੇ ਸੁਨੇਹਾ ਦਿਤਾ ਜਾ ਰਿਹਾ ਹੈ ਕਿ ਇਨ੍ਹਾਂ ਚੈਨਲਾਂ ਦਾ ਕੋਈ ਚਾਰਜ ਨਹੀਂ ਹੈ। ਜੇ ਤੁਸੀਂ ਕੋਈ ਭੁਗਤਾਨ ਚੈਨਲ ਚੁਣਦੇ ਹੋ ਤਾਂ ਇਹ ਚੈਨਲ ਤੁਹਾਡੇ ਨੈਟਵਰਕ ਸਮਰੱਥਾ ਚਾਰਜ ਨੂੰ ਪ੍ਰਭਾਵਿਤ ਨਹੀਂ ਕਰੇਗਾ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਜ਼ਿਆਦਾਤਰ ਸਮੇਂ ਗਾਹਕ ਡਿਸ਼ ਟੀ.ਵੀ. ਦੇ ਟੋਲ ਫਰੀ ਨੰਬਰ 'ਤੇ ਸੰਪਰਕ ਨਹੀਂ ਕਰ ਪਾਉਂਦੇ ਹਨ ਅਤੇ ਅਪਣੀ ਸ਼ਿਕਾਇਤ ਜ਼ਾਹਰ ਨਹੀਂ ਕਰ ਪਾਉਂਦੇ ਹਨ। 

ਟਰਾਈ ਨੇ ਬੁੱਧਵਾਰ ਨੂੰ ਜਾਰੀ ਹੁਕਮ ਵਿਚ ਕਿਹਾ, ''ਰੈਗੂਲੇਟਰੀ ਅਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਡਿਸ਼ ਟੀ.ਵੀ. ਨੂੰ ਹਦਾਇਤਾਂ ਦਿੰਦਾ ਹੈ ਕਿ ਉਹ ਇਸ ਮਾਮਲੇ ਦਾ ਹੱਲ ਕਰਨ ਅਤੇ ਹੁਕਮ ਜਾਰੀ ਹੋਣ ਦੀ ਤਾਰੀਕ ਤੋਂ 5 ਦਿਨ ਦੇ ਅੰਦਰ ਨਵੇਂ ਨਿਯਮਾਂ ਦੇ ਪਾਲਣ ਦੀ ਰਿਪੋਰਟ ਜਮ੍ਹਾ ਕਰਵਾਉਣ।