BJP ਨੇਤਾ ਦੀ ਨੂੰਹ ਨੇ ਦਿੱਤੀ ਜਨਮਦਿਨ ਦੀ ਦਾਵਤ, ਪਾਰਟੀ 'ਚ ਆਏ 25 ਲੋਕਾਂ ਵਿਰੁੱਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਪੂਰੇ ਦੇਸ਼ ਵਿਚ ਲੌਕਡਾਊਨ ਚੱਲ ਰਿਹਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਪੂਰੇ ਦੇਸ਼ ਵਿਚ ਲੌਕਡਾਊਨ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸੰਵੇਦਨਸ਼ੀਲ ਥਾਵਾਂ ਨੂੰ ਹੌਟਸਪਾਟ ਕਰਾਰ ਦਿੱਤਾ ਹੈ ਅਤੇ ਲੋਕਾਂ ਦੇ ਘਰਾਂ ਤੋਂ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿਚ ਇਕ ਹੌਟਸਪਾਟ ਬਹਿਰਾਚ ਦਾ ਗੁਲਾਮ ਅਲੀਪੁਰਾ ਖੇਤਰ ਵੀ ਹੈ।

ਬੀਤੇ ਦਿਨੀਂ ਗੁਲਾਮ ਅਲੀਪੁਰਾ ਖੇਤਰ ਵਿਚ ਰਹਿਣ ਵਾਲੇ ਭਾਜਪਾ ਨੇਤਾ ਨੇ ਨਾ ਸਿਰਫ ਉਨ੍ਹਾਂ ਦੇ ਘਰ ਵਿਚ ਜਨਮਦਿਨ ਦਾ ਆਯੋਜਨ ਕੀਤਾ, ਬਲਕਿ ਅਪਣੀ ਨੂੰਹ ਨੂੰ ਵੀ ਦਿੱਲੀ ਤੋਂ ਇਸ ਪਾਰਟੀ ਵਿਚ ਆਉਣ ਦੀ ਆਗਿਆ ਦਿੱਤੀ। ਹੁਣ ਭਾਜਪਾ ਨੇਤਾ ਦੀ ਨੂੰਹ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

ਇਸ ਦਾ ਖੁਲਾਸਾ ਹੋਣ ਤੋਂ ਬਾਅਦ ਸਥਾਨਕ ਪੁਲਿਸ ਹਰਕਤ ਵਿਚ ਆਈ। ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਜਨਮਦਿਨ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਭੇਜ ਦਿੱਤਾ ਹੈ।

ਹੁਣ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ 25 ਲੋਕਾਂ ਨੂੰ ਅਗਲੇ 14 ਦਿਨਾਂ ਲਈ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਕੁਆਰੰਟੀਨ ਰਹਿਣਾ ਪਵੇਗਾ। ਦੂਜੇ ਪਾਸੇ ਪੁਲਿਸ ਨੇ ਲੌਕਡਾਊਨ ਦੌਰਾਨ ਪਾਰਟੀ ਦਾ ਆਯੋਜਨ ਕਰਨ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਹੈ।

ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਦੀ ਨੂੰਹ ਕੁਝ ਦਿਨ ਪਹਿਲਾਂ ਆਪਣਾ ਇਲਾਜ ਕਰਵਾ ਕੇ ਦਿੱਲੀ ਤੋਂ ਵਾਪਸ ਆਈ ਸੀ। ਸ਼ੱਕ ਹੋਣ 'ਤੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ 'ਚ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। 

ਇਸ ਦੇ ਨਾਲ ਹੀ ਇਸ ਮਾਮਲੇ ਵਿਚ ਪੁਲਿਸ ਸੁਪਰਡੈਂਟ ਵਿਪਨ ਮਿਸ਼ਰਾ ਨੇ ਕਿਹਾ ਕਿ ਇਕ ਕੋਰੋਨਾ ਪਾਜ਼ੀਟਿਵ ਔਰਤ ਵੱਲ਼ੋਂ ਬਿਨਾਂ ਆਗਿਆ ਪਾਰਟੀ ਕਰਨ ਦੇ ਮਾਮਲੇ ਵਿਚ ਹਨੂੰਮਾਨਪੁਰੀ ਕਲੋਨੀ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਵਿਚ ਕੋਰੋਨਾ ਪ੍ਰਭਾਵਿਤ ਔਰਤ ਸਮੇਤ 25 ਲੋਕਾਂ ਖਿਲਾਫ ਮਹਾਮਾਰੀ ਐਕਟ ਅਤੇ ਲੌਕਡਾਊਨ ਦੀ ਉਲੰਘਣਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।