ਪ੍ਰੈਕਟਿਸ ਕਰ ਰਹੇ ਪਹਿਲਵਾਨ ’ਤੇ ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਮੌਕੇ ’ਤੇ ਹੀ ਤੋੜਿਆ ਦਮ
ਹਰਿਆਣਾ ਦੇ ਰੋਹਤਕ ਵਿਖੇ ਇਕ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਰੋਹਤਕ: ਹਰਿਆਣਾ ਦੇ ਰੋਹਤਕ ਵਿਖੇ ਇਕ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੀ ਸ਼ਾਮ ਗ੍ਰਾਊਂਡ ਵਿਚ ਪ੍ਰੈਕਟਿਸ ਕਰ ਰਹੇ ਪਹਿਲਵਾਨ ਉੱਤੇ ਦੋ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੂਚਨਾ ਮਿਲਦੇ ਦੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਹਿਲਵਾਨ ਦੀ ਪਛਾਣ ਅੰਕੁਸ਼ ਵਜੋਂ ਹੋਈ ਹੈ, ਜੋ ਵਿਜੈ ਨਗਰ ਰੋਹਤਕ ਦਾ ਰਹਿਣ ਵਾਲਾ ਸੀ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਸੱਤ ਤੋਂ ਅੱਠ ਗੋਲੀਆਂ ਲੱਗੀਆਂ ਹਨ। ਘਟਨਾ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਅੰਜਾਮ ਦਿੱਤਾ ਹੈ ਜੋ ਕਿ ਫਰਾਰ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਜਲਦ ਹੀ ਪੁਲਿਸ ਹਿਰਾਸਤ ਵਿਚ ਹਣਗੇ।
ਇਸ ਤੋਂ ਇਲਾਵਾ ਇਹਨੀਂ ਦਿਨੀ ਪਹਿਲਵਾਨਾਂ ਨਾਲ ਜੁੜੀ ਇਕ ਹੋਰ ਖ਼ਬਰ ਸੁਰਖੀਆਂ ਵਿਚ ਹੈ। ਦਰਅਸਲ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਸੁਸ਼ੀਲ ਕੁਮਾਰ ’ਤੇ ਯੁਵਾ ਪਹਿਲਵਾਨ ਸਾਗਰ ਧਨਖੜ ਦੇ ਕਤਲ ਕਾਂਡ ’ਚ ਸ਼ਾਮਲ ਹੋਣ ਦਾ ਦੋਸ਼ ਹੈ।
ਮਾਡਲ ਟਾਊਨ ਥਾਣਾ ਖੇਤਰ ’ਚ ਛਤਰਸਾਲ ਸਟੇਡੀਅਮ ’ਚ ਫ਼ਲੈਟ ਖ਼ਾਲੀ ਕਰਾਉਣ ਨੂੰ ਲੈ ਕੇ ਪਹਿਲਵਾਨਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਸਨ, ਜਿਸ ’ਚ ਪੰਜ ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਗੰਭੀਰ ਤੌਰ ’ਤੇ ਜ਼ਖਮੀ ਯੁਵਾ ਪਹਿਲਵਾਨ ਸਾਗਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।