ਦਿੱਲੀ ਮੈਟਰੋ ਦੇ ਮੁੰਡਕਾ-ਬਹਾਦਰਗੜ੍ਹ ਕਾਰੀਡੋਰ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਮੈਟਰੋ-ਮੁੰਡਕਾ-ਬਹਾਦਰਗੜ੍ਹ ਖੰਡ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਤਰਜੀਹ.....
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਮੈਟਰੋ-ਮੁੰਡਕਾ-ਬਹਾਦਰਗੜ੍ਹ ਖੰਡ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਸ਼ਹਿਰਾਂ ਵਿਚ ਆਰਾਮਦਾਇਕ ਅਤੇ ਸਸਤੀ ਆਵਾਜਾਈ ਵਿਵਸਥਾ ਬਣਾਉਣ ਦੀ ਹੈ। ਵੀਡੀਉ ਕਾਨਫ਼ਰੰਸ ਜ਼ਰੀਏ ਇਸ ਨਵੇਂ ਖੰਡ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਆਵਾਜਾਈ ਸੰਪਰਕ ਅਤੇ ਵਿਕਾਸ ਦਾ ਇਕ ਦੂਜੇ ਨਾਲ ਸਿੱਧਾ ਸਬੰਧ ਹੈ। ਉਨ੍ਹਾਂ ਕਿਹਾ, 'ਸਾਡੀ ਸਰਕਾਰ ਨੇ ਮੈਟਰੋ ਲਈ ਨੀਤੀ ਬਣਾਈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਸੀਂ ਮਹਿਸੂਸ ਕੀਤਾ ਕਿ ਮੈਟਰੋ ਲਈ ਇਹ ਜ਼ਰੂਰੀ ਹੈ।'
ਪ੍ਰਧਾਨ ਮੰਤਰੀ ਨੇ ਕਿਹਾ, 'ਸਾਡੀ ਸਰਕਾਰ ਮੈਟਰੋ ਟਰੇਨਾਂ ਦੇ ਕੋਚ ਭਾਰਤ ਵਿਚ ਬਣਾ ਕੇ ਮੇਕ ਇਨ ਇੰਡੀਆ ਨੂੰ ਹੱਲਾਸ਼ੇਰੀ ਦੇਣਾ ਚਾਹੁੰਦੀ ਹੈ। ਦਿੱਲੀ ਮੈਟਰੋ ਅਤੇ ਹੋਰ ਮੈਟਰੋ ਬਣਾਉਣ ਵਿਚ ਕਈ ਦੇਸ਼ਾਂ ਨੇ ਸਾਡੀ ਮਦਦ ਕੀਤੀ ਅਤੇ ਹੁਣ ਅਸੀਂ ਹੋਰ ਦੇਸ਼ਾਂ ਦੀ ਮੈਟਰੋ ਪ੍ਰਣਾਲੀ ਲਈ ਕੋਚ ਡਿਜ਼ਾਈਨ ਕਰ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਾਂ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਟਰੋ ਪ੍ਰਣਾਲੀ ਦਾ ਨਿਰਮਾਣ ਸਹਿਯੋਗ ਦੇ ਸੰਘਵਾਦ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ, 'ਜਿਥੇ ਕਿਤੇ ਵੀ ਭਾਰਤ ਵਿਚ ਮੈਟਰੋ ਬਣ ਰਹੀ ਹੈ, ਕੇਂਦਰ ਅਤੇ ਸਬੰਧਤ ਰਾਜ ਦੀ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ। ਨਵੇਂ ਭਾਰਤ ਨੂੰ ਨਵੇਂ ਅਤੇ ਸਮਾਰਟ ਢਾਂਚੇ ਦੀ ਲੋੜ ਹੈ।
ਅਸੀਂ ਸੜਕਾਂ, ਰੇਲਵੇ, ਰਾਜਮਾਰਗ, ਹਵਾਈ ਮਾਰਗ, ਜਲ ਮਾਰਗ ਅਤੇ ਇੰਟਰਨੈਟ ਸੰਪਰਕ 'ਤੇ ਕੰਮ ਕੀਤਾ। ਆਵਾਜਾਈ ਸੰਪਰਕ ਅਤੇ ਸਮੇਂ ਨਾਲ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨ 'ਤੇ ਸਾਡਾ ਧਿਆਨ ਕੇਂਦਰਤ ਹੈ।' ਉਨ੍ਹਾਂ ਕਿਹਾ ਕਿ ਬਹਾਦਰਗੜ੍ਹ ਵਿਚ ਕਾਫ਼ੀ ਆਰਥਕ ਵਿਕਾਸ ਹੋਇਆ ਹੈ। ਇਥੇ ਕਈ ਸਿਖਲਾਈ ਕੇਂਦਰ ਹਨ। ਇਥੋਂ ਦੇ ਵਿਦਿਆਰਥੀ ਦਿੱਲੀ ਤਕ ਦੀ ਯਾਤਰਾ ਕਰਦੇ ਹਨ। ਇੰਦਰਲੋਕ-ਬਹਾਦਰਖੰਡ 26.33 ਕਿਲੋਮੀਟਰ ਲੰਮਾ ਹੋ ਜਾਵੇਗਾ। (ਏਜੰਸੀ)