ਐਮਰਜੈਂਸੀ ਨੂੰ ਲੈ ਕੇ ਟਵਿਟਰ 'ਤੇ ਗਰਮਾਏ ਆਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹ ਨੇ ਐਮਰਜੈਂਸੀ ਨੂੰ ਦਸਿਆ ਲੋਕਤੰਤਰ ਦੀ ਹੱਤਿਆ

Emergency anniversary political reactions pm modi amit shah mamata tweet

ਨਵੀਂ ਦਿੱਲੀ: ਦੇਸ਼ ਵਿਚ ਅੱਜ 44 ਸਾਲ ਪਹਿਲਾਂ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇੰਦਰਾ ਗਾਂਧੀ ਦੇ ਸ਼ਾਸ਼ਨਕਾਲ ਵਿਚ 25 ਜੂਨ 1975 ਨੂੰ ਦੇਸ਼ ਵਿਚ ਐਮਰਜੈਂਸੀ ਲਾਗੂ ਹੋਈ ਸੀ। ਇਸ ਦੀ ਬਰਸੀ ਦੇ ਮੌਕੇ 'ਤੇ ਅੱਜ ਦੇਸ਼ ਵਿਚ ਐਮਰਜੈਂਸੀ ਨੂੰ ਯਾਦ ਕੀਤਾ ਜਾ ਰਿਹਾ ਹੈ। ਭਾਜਪਾ ਜਿੱਥੇ ਇਕ ਵਾਰ ਫਿਰ ਕਾਂਗਰਸ ਨੂੰ ਘੇਰਨ ਵਿਚ ਜੁਟੀ ਹੋਈ ਹੈ ਉੱਥੇ ਹੀ ਮਮਤਾ ਬੈਨਰਜੀ ਵਰਗੇ ਆਗੂ ਨੇ ਮੋਦੀ ਸਰਕਾਰ ਦੇ ਕਾਰਜਕਾਲ ਨੂੰ ਸੁਪਰ ਐਮਰਜੈਂਸੀ ਦਸਿਆ ਹੈ।

ਪੀਐਮ ਮੋਦੀ ਨੇ ਐਮਰਜੈਂਸੀ ਦੀ ਬਰਸੀ ਮੌਕੇ ਇਕ ਵੀਡੀਉ ਸ਼ੇਅਰ ਕਰ ਕੇ ਇਸ ਨੂੰ ਯਾਦ ਕੀਤਾ ਹੈ। ਉਹਨਾਂ ਨੇ ਸੰਸਦ ਵਿਚ ਇਕ ਦਿੱਤੇ ਅਪਣੇ ਭਾਸ਼ਣ ਨੂੰ ਵੀ ਇਸ ਵੀਡੀਉ ਵਿਚ ਲਗਾਇਆ ਹੈ। ਇਸ ਵੀਡੀਉ ਵਿਚ ਮੋਦੀ ਕਹਿ ਰਹੇ ਹਨ ਕਿ ਐਮਰਜੈਂਸੀ ਵਿਚ ਕੀ ਕੁੱਝ ਜ਼ੁਲਮ ਨਹੀਂ ਹੋਏ ਪਰ ਇਸ ਨਾਲ ਦੇਸ਼ ਝੁਕਿਆ ਨਹੀਂ ਸੀ। 25 ਜੂਨ 1975 ਇਕ ਅਜਿਹੀ ਕਾਲੀ ਰਾਤ ਸੀ ਜਿਸ ਨੂੰ ਕੋਈ ਵੀ ਲੋਕਤੰਤਰ ਪ੍ਰੇਮੀ ਭੁਲਾ ਨਹੀਂ ਸਕਿਆ।

ਜੈ ਪ੍ਰਕਾਸ਼ ਨਾਰਾਇਣ ਵਰਗੇ ਆਗੂਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਨਿਆਂ ਵਿਵਸਥਾ 'ਤੇ ਵੀ ਇਸ ਦਾ ਡੂੰਘਾ ਪ੍ਰਭਾਵ ਪਿਆ ਸੀ। ਅਖ਼ਬਾਰਾਂ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਐਮਰਜੈਂਸੀ ਨੂੰ ਯਾਦ ਕੀਤਾ ਹੈ। ਉਹਨਾਂ ਨੇ ਇਸ ਨੂੰ ਲੋਕਤੰਤਰ ਦੀ ਹੱਤਿਆ ਦਸਿਆ ਹੈ। ਉਹਨਾਂ ਨੇ ਅਪਣੀ ਪੋਸਟ ਵਿਚ ਉਸ ਦੌਰ ਦੇ ਇਕ ਅਖ਼ਬਾਰ ਦੀ ਹੈਡਲਾਈਨ ਵੀ ਸ਼ੇਅਰ ਕੀਤੀ ਹੈ ਜਿਸ ਵਿਚ ਲਿਖਿਆ ਹੈ ਐਮਰਜੈਂਸੀ ਐਲਾਨ- ਜੇਪੀ, ਮੋਰਾਰਜੀ, ਆਡਵਾਣੀ, ਅਸ਼ੋਕ ਮਿਹਤਾ ਅਤੇ ਵਾਜਪਾਈ ਗ੍ਰਿਫ਼ਤਾਰ।

ਉਹਨਾਂ ਨੇ ਲਿਖਿਆ ਕਿ ਦੇਸ਼ਵਾਸੀਆਂ ਤੋਂ ਉਹਨਾਂ ਦੇ ਅਧਿਕਾਰ ਖੋਹ ਲਏ ਗਏ, ਅਖ਼ਬਾਰਾਂ 'ਤੇ ਤਾਲੇ ਲਗਾ ਦਿੱਤੇ ਗਏ। ਲੋਕਾਂ ਨੂੰ ਲੋਕਤੰਤਰ ਨੂੰ ਦੁਬਾਰਾ ਸਥਾਪਿਤ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟੀਐਮਸੀ ਮੁੱਖੀ ਮਮਤਾ ਬੈਨਰਜੀ ਨੇ ਐਮਰਜੈਂਸੀ ਦੇ ਬਹਾਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਲਗਾਇਆ ਹੈ। ਉਹਨਾਂ ਨੇ ਟਵਿਟਰ 'ਤੇ ਲਿਖਿਆ ਕਿ ਅੱਜ 1975 ਵਿਚ ਲਾਗੂ ਕੀਤੀ ਗਈ ਐਮਰਜੈਂਸੀ ਦੀ ਬਰਸੀ ਹੈ। ਪਰ ਪਿਛਲੇ 5 ਸਾਲਾਂ ਵਿਚ ਦੇਸ਼ ਸੁਪਰ ਐਮਰਜੈਂਸੀ ਤੋਂ ਗੁਜ਼ਰਿਆ ਹੈ।

ਉਹਨਾਂ ਕਿਹਾ ਕਿ ਲੋਕਾਂ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਦੇਸ਼ ਦੀ ਲੋਕਤੰਤਰਿਕ ਸੰਸਥਾ ਦੀ ਸੁਰੱਖਿਆ ਲਈ ਲੜਨਾ ਚਾਹੀਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਦਿਨ ਨੂੰ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਦੱਸਿਆ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ 25 ਜੂਨ 1975 ਨੂੰ ਐਮਰਜੈਂਸੀ ਦਾ ਐਲਾਨ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ, ਭਾਰਤ ਦੇ ਇਤਿਹਾਸ ਵਿਚ ਸਭ ਤੋਂ ਕਾਲਾ ਆਧਆਇ ਹੈ।

ਇਸ ਦਿਨ ਭਾਰਤੀਆਂ ਨੂੰ ਅਪਣੀਆਂ ਸੰਸਥਾਵਾਂ ਅਤੇ ਸੰਵਿਧਾਨ ਦੇ ਮਹੱਤਵ ਨੂੰ ਯਾਦ ਕਰਨਾ ਚਾਹੀਦਾ ਹੈ। ਕੇਂਦਰੀ ਖੇਡ ਮੰਤਰੀ ਕਿਰੇਨ ਰਿਜੁਜੂ ਨੇ ਟਵੀਟ ਕਰ ਲਿਖਿਆ ਕਿ ਅੱਜ ਅੱਧੀ ਰਾਤ ਨੂੰ ਉਹ ਅਪਣਾ ਸਮਾਂ ਸੁਤੰਤਰਤਾ ਲਈ ਸਮਰਪਿਤ ਕਰਨਗੇ ਕਿਉਂਕਿ ਕਿ 25 ਜੂਨ 1975 ਅੱਧੀ ਰਾਤ ਨੂੰ ਭਾਰਤ ਵਿਚ ਐਮਰਜੈਂਸੀ ਲਗਾਈ ਗਈ ਸੀ ਅਤੇ ਲੋਕਤੰਤਰ ਦੀ ਹੱਤਿਆ ਉਸ ਵਕਤ ਹੀ ਹੋਈ ਸੀ।