ਸ੍ਰੀਲੰਕਾ 'ਚ ਐਮਰਜੈਂਸੀ ਲਗਾਉਣ ਦਾ ਐਲਾਨ, ਸੱਤ ਹਮਲਾਵਰਾਂ ਨੇ ਕੀਤੇ ਸਨ ਧਮਾਕੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਰੇ ਹਮਲਾਵਰ ਸ੍ਰੀਲੰਕਾਈ ਮੂਲ ਦੇ, ਮ੍ਰਿਤਕਾਂ ਦੀ ਗਿਣਤੀ 290 ਪੁੱਜੀ, ਛੇ ਭਾਰਤੀ ਵੀ ਸ਼ਾਮਲ

Sri Lanka declares emergency from midnight

ਕੋਲੰਬੋ : ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਮੌਕੇ ਹੋਏ ਧਮਾਕਿਆਂ ਤੋਂ ਬਾਅਦ ਅੱਜ ਸੋਮਵਾਰ ਨੂੰ ਅੱਧੀ ਰਾਤ ਤੋਂ ਐਮਰਜੈਂਸੀ ਲਗਾ ਦਿਤੀ ਜਾਵੇਗੀ। ਅਜਿਹਾ ਹੋਣ ਨਾਲ ਸੁਰੱਖਿਆ ਬਲਾਂ ਦੀਆਂ ਅਤਿਵਾਦ ਰੋਕੂ ਤਾਕਤਾਂ ਵਿਚ ਵਾਧਾ ਹੋ ਜਾਵੇਗਾ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੀ ਪ੍ਰਧਾਨਗੀ ਵਿਚ ਹੋਈ ਕੌਮੀ ਸੁਰੱਖਿਆ ਕੌਂਸਲ ਦੀ ਇਕ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਸਰਕਾਰ ਨੇ ਮੰਗਲਵਾਰ ਨੂੰ ਕੌਮੀ ਸੋਗ ਦਿਵਸ ਦਾ ਐਲਾਨ ਕੀਤਾ ਹੈ। ਸ੍ਰੀਲੰਕਾ ਦੇ ਇਤਿਹਾਸ ਵਿਚ ਹੋਈ ਸੱਭ ਤੋਂ ਵੱਡੀ ਅਤਿਵਾਦੀ ਘਟਨਾ ਦੇ ਪਿੱਛੇ ਨੈਸ਼ਨਲ ਤੌਹੀਦ ਜਮਾਤ ਨਾਂ ਦੇ ਸਥਾਨਕ ਸੰਠਗਨ ਦਾ ਹੱਥ ਸੀ ਅਤੇ ਲਗਭਗ ਸੱਤ ਹਮਲਾਵਰਾਂ ਨੇ ਇਨ੍ਹਾਂ ਧਮਾਕਿਆਂ ਨੂੰ ਅੰਜਾਮ ਦਿਤਾ। 

ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਅਤੇ ਸਰਕਾਰੀ ਬੁਲਾਰੇ ਰਜੀਤ ਸੇਨਾਰਤਨੇ ਨੇ ਕਿਹਾ ਕਿ ਧਮਾਕੇ ਵਿਚ ਸ਼ਾਮਲ ਸਾਰੇ ਹਮਲਾਵਰ ਸ੍ਰੀਲੰਕਾਈ ਮੂਲ ਦੇ ਹਨ। ਬੀਤੇ ਕਲ ਈਸਟਰ ਮੌਕੇ ਹੋਏ ਅੱਠ ਧਮਾਕਿਆਂ ਵਿਚ ਲਗਭਗ 290 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੈ। ਮ੍ਰਿਤਕਾਂ ਵਿਚ ਭਾਰਤੀ ਮੂਲ ਦੇ ਛੇ ਵਿਅਕਤੀ ਵੀ ਸ਼ਾਮਲ ਹਨ।  ਇਨ੍ਹਾਂ ਧਮਾਕਿਆਂ ਵਿਚ ਡੈਨਮਾਰਕ ਦੇ ਸੱਭ ਤੋਂ ਵੱਧ ਅਮੀਰ ਵਿਅਕਤੀ ਐਂਡਰਜ਼ ਪਾਵਸਨ ਦੇ ਤਿੰਨ ਬੱਚਿਆਂ ਦੀ ਵੀ ਮੌਤ ਹੋ ਗਈ ਹੈ। ਪਾਵਸਨ ਅਪਣੇ ਬੱਚਿਆਂ ਨੂੰ ਈਸਟਰ ਮੌਕੇ ਛੁਟੀਆਂ ਬਿਤਾਉਣ ਸ੍ਰੀਲੰਕਾ ਆਏ ਹੋਏ ਸਨ। 

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੌਮੀ ਖ਼ੂਫ਼ੀਆ ਏਜੰਸੀ ਦੇ ਮੁਖੀ ਨੇ 11 ਅਪ੍ਰੈਲ ਤੋਂ ਪਹਿਲਾਂ ਹੀ ਇਨ੍ਹਾਂ ਹਮਲਿਆਂ ਦੇ ਖ਼ਦਸ਼ੇ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਚੌਕਸ ਕਰ ਦਿਤਾ ਸੀ। ਸੇਨਾਰਤਨੇ ਨੇ ਕਿਹਾ ਕਿ ਚਾਰ ਅਪ੍ਰੈਲ ਨੂੰ ਕੌਮਾਂਤਰੀ ਖ਼ੂਫ਼ੀਆ ਏਜੰਸੀਆਂ ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਚੌਕਸ ਕੀਤਾ ਸੀ ਅਤੇ 9 ਅਪ੍ਰੈਲ ਨੂੰ ਆਈਜੀਪੀ ਨੂੰ ਚੌਕਸ ਕਰ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਇਸ ਹਮਲੇ ਦੀਆਂ ਤਾਰਾਂ ਕੌਮਾਂਤਰੀ ਪੱਧਰ 'ਤੇ ਜੁੜੀਆਂ ਹੋਣ। ਸੁਰੱਖਿਆ ਵਿਚ ਅਣਗਹਿਲੀ ਵਰਤੀ ਜਾਣ ਕਾਰਨ ਸੇਨਾਰਤਨੇ ਨੇ ਪੁਲਿਸ ਮੁਖੀ ਪੁਜੀਤ ਜੈਸੁੰਦਰਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। 

ਇਨ੍ਹਾਂ ਹਮਲਿਆਂ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਇਕ ਮੁਸਲਿਮ ਕੱਟੜਪੰਥੀ ਸਮੂਹ ਦੇ 11 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੁਣ ਤਕ ਕੁਲ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਲਿੱਟੇ ਦੇ ਨਾਲ ਚੱਲੇ ਲੰਮੇਂ ਸੰਘਰਸ਼ ਦੇ ਖ਼ਾਤਮੇ ਤੋਂ ਬਾਅਦ ਲਗਭਗ ਇਕ ਦਹਾਕੇ ਤਕ ਸ੍ਰੀਲੰਕਾ ਵਿਚ ਪੂਰੀ ਤਰ੍ਹਾਂ ਸ਼ਾਂਤੀ ਸੀ ਜੋ ਇਨ੍ਹਾਂ ਹਮਲਿਆਂ ਕਾਰਨ ਹੁਣ ਭੰਗ ਹੋ ਗਈ ਹੈ। ਰਖਿਆ ਮੰਤਰੀ ਰੁਵਨ ਵਿਜੇਵਾਰਡਿਨ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਸਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਕੱਟੜਪੰਥੀਆਂ ਦਾ ਪ੍ਰਚਾਰ ਨਾ ਕਰੋ ਅਤੇ ਨਾ ਹੀ ਇਨ੍ਹਾਂ ਨੂੰ ਸ਼ਹੀਦ ਬਣਨ ਵਿਚ ਮਦਦ ਕਰੋ। ਦੂਜੇ ਪਾਸੇ ਇਕ ਪੁਲਿਸ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਸਾਰੇ ਸ਼ੱਕੀ ਵਿਅਕਤੀ ਮੁਸਲਮਾਨ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਸ੍ਰੀਲੰਕਾ ਸਰਕਾਰ ਨੇ ਕਰਫ਼ਿਊ ਲਗਾ ਦਿਤਾ ਸੀ ਜਿਸ ਨੂੰ ਅੱਜ ਸਵੇਰੇ ਛੇ ਵਜੇ ਵਾਪਸ ਲੈ ਲਿਆ ਗਿਆ। 

ਇਸ ਦੌਰਾਨ ਇੰਟਰਪੋਲ ਨੇ ਕਿਹਾ ਕਿ ਉਹ ਇਨ੍ਹਾਂ ਧਮਾਕਿਆਂ ਦੀ ਜਾਂਚ ਲਈ ਸ੍ਰੀਲੰਕਾ ਦੀ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਇੰਟਰਪੋਲ ਦੇ ਜਨਰਲ ਸਕੱਤਰ ਜੁਰਗੇਨ ਸਟਾਕ ਨੇ ਕਿਹਾ ਕਿ ਉਹ ਇਨ੍ਹਾਂ ਧਮਾਕਿਆਂ ਦੀ ਨਿੰਦਾ ਕਰਦੇ ਹਨ ਅਤੇ ਇਸ ਮਾਮਲੇ ਦੀ ਜਾਂਚ ਲਈ ਸਹਿਯੋਗ ਕਰਨ ਵਾਸਤੇ ਤਿਆਰ ਹਨ। ਕੋਲੰਬੋ ਵਿਚ ਅੱਜ ਸੋਮਵਾਰ ਨੂੰ ਇਕ ਬੱਸ ਅੱਡੇ ਤੋਂ ਲਗਭਗ 87 ਡੈਟੋਨੇਟਰ ਬਰਾਮਕ ਕੀਤੇ ਗਏ। ਪਿਲਸ ਨੇ ਦਸਿਆ ਕਿ ਸ਼ੁਰੂ ਵਿਚ ਉਨ੍ਹਾਂ ਨੂੰ 12 ਡੈਟੋਨੇਟਰ ਮਿਲੇ ਅਤੇ ਜਦ ਉਨ੍ਹਾਂ ਜਾਂਚ ਕੀਤੀ ਤਾਂ ਉਨ੍ਹਾਂ ਨੂੰ 75 ਹੋਰ ਡੈਟੋਨੇਟਰ ਮਿਲੇ। ਜ਼ਿਕਰਯੋਗ ਹੈ ਕਿ ਬੀਤੇ ਕਲ ਐਤਵਾਰ ਨੂੰ ਸ੍ਰੀਲੰਕਾ ਵਿਚ ਗਿਰਜਾਘਰਾਂ ਅਤੇ ਕੁੱਝ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਲਗਭਗ ਅੱਠ ਧਮਾਕੇ ਕੀਤੇ ਗਏ ਸਨ।