ਘੱਟ ਗਿਣਤੀਆਂ ਲਈ ਸੁਰੱਖਿਅਤ ਨਹੀਂ ਭਾਰਤ, ਸਾਹਮਣੇ ਆ ਚੁੱਕੇ 11 ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖ਼ੰਡ ਵਿਚ ਹੋਣ ਵਾਲੀ ਵਿਅਕਤੀ ਦੀ ਮੌਤ, ਇਸ ਸਾਲ ਹੋਣ ਵਾਲੀ ਭੀੜ ਵੱਲੋਂ ਕੀਤੀ ਗਈ ਹੱਤਿਆ ਦੀ ਕੋਈ ਪਹਿਲੀ ਘਟਨਾ ਨਹੀਂ ਹੈ।

MOB LYNCHING

ਨਵੀਂ ਦਿੱਲੀ: ਝਾਰਖ਼ੰਡ ਵਿਚ ਹੋਣ ਵਾਲੀ ਵਿਅਕਤੀ ਦੀ ਮੌਤ, ਇਸ ਸਾਲ ਹੋਣ ਵਾਲੀ ਭੀੜ ਵੱਲੋਂ ਕੀਤੀ ਗਈ ਹੱਤਿਆ ਦੀ ਕੋਈ ਪਹਿਲੀ ਘਟਨਾ ਨਹੀਂ ਹੈ। Factchecker.in ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਸਾਲ ਹੋਣ ਵਾਲੀ ਮਾਬ ਲਿੰਚਿੰਗ ਦੀ ਇਹ 11ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਹਿੰਸਾ ਵਿਚ 4 ਲੋਕ ਮਾਰੇ ਗਏ ਅਤੇ 22 ਲੋਕ ਜ਼ਖਮੀ ਕੀਤੇ ਗਏ। ਪਿਛਲੀ ਇਕ ਸਦੀ ਦੌਰਾਨ ਪੂਰੇ ਭਾਰਤ ਵਿਚ 297 ਅਪਰਾਧਕ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿਚ 98 ਲੋਕਾਂ ਦੀ ਮੌਤ ਹੋਈ ਹੈ ਅਤੇ 722 ਲੋਕ ਜ਼ਖਮੀ ਹੋਏ ਹਨ।

ਪਿਛਲੇ ਕੁਝ ਸਾਲਾਂ ਦੇ ਅੰਕੜੇ ਮਾਬ ਹਿੰਸਕ ਘਟਨਾਵਾਂ ਵਿਚ ਵਾਧੇ ਦੇ ਸੰਕੇਤ ਦੇ ਰਹੇ ਹਨ। 2015 ਤੱਕ ਗਊ ਹੱਤਿਆ ਦੇ ਨਾਂਅ ‘ਤੇ 121 ਹਿੰਸਕ ਘਟਨਾਵਾਂ ਹੋਈਆਂ ਹਨ ਅਤੇ 2012 ਤੋਂ 2014 ਤੱਕ ਸਿਰਫ਼ 6 ਅਜਿਹੀਆਂ ਘਟਨਾਵਾਂ ਹੋਈਆਂ ਸਨ। 2009 ਤੋਂ 2019 ਦੇ ਅੰਕੜਿਆ ਅਨੁਸਾਰ ਇਹਨਾਂ ਘਟਨਾਵਾਂ ਦੇ 59 ਫੀਸਦੀ ਪੀੜਤ ਮੁਸਲਮਾਨ ਸਨ ਅਤੇ 28 ਫੀਸਦੀ ਘਟਨਾਵਾਂ ਗਊ ਹੱਤਿਆ ਦੇ ਨਾਂਅ ‘ਤੇ ਹੋਈਆਂ ਸਨ। ਅੰਕੜੇ ਦਰਸਾਉਂਦੇ ਹਨ ਕਿ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਵਿਚ ਅਜਿਹੀਆਂ 66 ਫੀਸਦੀ ਘਟਨਾਵਾਂ ਵਾਪਰੀਆਂ ਹਨ ਅਤੇ ਕਾਂਗਰਸੀ ਸੱਤਾ ਵਾਲੇ ਸੂਬਿਆਂ ਵਿਚ ਸਿਰਫ਼ 16 ਫੀਸਦੀ ਘਟਨਾਵਾਂ ਵਾਪਰੀਆਂ ਹਨ।

ਪਿਛਲੇ ਮੰਗਲਵਾਰ ਨੂੰ ਕਥਿਤ ਚੋਰੀ ਦੇ ਇਲਜ਼ਾਮ ਤਹਿਤ ਝਾਰਖੰਡ ਦੇ ਖਰਸਾਵਨ ਜ਼ਿਲ੍ਹੇ ਦੇ ਤਬਰੇਜ਼ ਅੰਸਾਰੀ ਨਾਂਅ ਦੇ ਇਕ ਵਿਅਕਤੀ ‘ਤੇ ਕੁੱਝ ਲੋਕਾਂ ਦੇ ਸਮੂਹ ਵੱਲੋਂ ਹਮਲਾ ਕੀਤਾ ਗਿਆ। ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਉਸ ਨੂੰ 12 ਘੰਟਿਆਂ ਤੱਕ ਕੁੱਟਿਆ ਗਿਆ। ਇਸ ਘਟਨਾ ਦੀ ਵੀਡੀਓ ਵਿਚ ਦੇਖਿਆ ਗਿਆ ਕਿ ਉਸ ਵਿਅਕਤੀ ਨੂੰ ‘ਜੈ ਸ੍ਰੀ ਰਾਮ’ ਅਤੇ ‘ਜੈ ਹਨੁਮਾਰ’ ਦੇ ਨਾਅਰੇ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਸ਼ਨੀਵਾਰ ਨੂੰ ਉਸ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਚਲਦਿਆਂ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 2 ਪੁਲਿਸ ਅਫ਼ਸਰਾਂ ਨੂੰ ਵੀ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ।

ਮ੍ਰਿਤਕ ਦਾ ਪਰਿਵਾਰ ਮੁਲਜ਼ਮਾਂ, ਪੁਲਿਸ ਅਤੇ ਡਾਕਟਰਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਹਨਾਂ ਦਾ ਇਲਜ਼ਾਮ ਹੈ ਕਿ ਜ਼ਖਮੀ ਵਿਅਕਤੀ ਨੂੰ ਬਚਾਉਣ ਲਈ ਪੁਲਿਸ ਨੇ ਲੋੜੀਂਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੂੰ ਹਸਪਤਾਲ ਲਿਜਾਉਣ ਦੀ ਥਾਂ ਹਿਰਾਸਤ ਵਿਚ ਰੱਖਿਆ ਗਿਆ ਅਤੇ ਕੇਵਲ ਜੇਲ੍ਹ ਵਿਚ ਮੌਜੂਦ ਡਾਕਟਰ ਤੋਂ ਇਲਾਜ ਕਰਵਾਇਆ ਗਿਆ, ਜਿਸ ਕਾਰਨ ਮੌਤ ਹੋ ਗਈ।