ਕੀ ਸੱਚਮੁਚ ਸੁਧਰ ਰਿਹੈ ਚੀਨ : ਸੈਟੇਲਾਈਟ ਤਸਵੀਰਾਂ ਨੇ ਮੁੜ ਖੋਲ੍ਹੀ ਚੀਨ ਦੇ ਫਰੇਬ ਦੀ ਪੋਲ!
ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਸਰਹੱਦ 'ਤੇ ਵਧੀਆ ਚੀਨੀ ਸਰਗਰਮੀਆਂ
ਨਵੀਂ ਦਿੱਲੀ : ਕਰੋਨਾ ਵਾਇਰਸ ਵਰਗੀ ਮਹਾਮਾਰੀ ਫ਼ੈਲਾਅ ਕੇ ਦੁਨੀਆਂ ਨਾਲ ਧੋਖਾ ਕਮਾ ਚੁੱਕਾ ਚੀਨ ਹੁਣ ਅਪਣੀਆਂ ਸ਼ੱਕੀ ਗਤੀਵਿਧੀਆਂ ਕਾਰਨ ਗੁਆਢੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਕਈ ਗੁਆਢੀ ਮੁਲਕਾਂ ਨਾਲ ਜ਼ਮੀਨੀ ਵਿਵਾਦ 'ਚ ਉਲਝੇ ਚੀਨ ਦੀਆਂ ਸ਼ੱਕੀ ਗਤੀਵਿਧੀਆਂ ਅਚਾਨਕ ਵੱਧ ਗਈਆਂ ਹਨ। ਇਸ ਦੀਆਂ ਇਹੀ ਗਤੀਵਿਧੀਆਂ ਲੱਦਾਖ ਦੀ ਗਲਵਾਨ ਘਾਟੀ 'ਚ ਖ਼ੂਨੀ ਸੰਘਰਸ਼ ਦਾ ਰੂਪ ਵੀ ਅਖਤਿਆਰ ਕਰ ਚੁੱਕੀਆਂ ਹਨ।
ਇਸ ਦੇ ਬਾਵਜੂਦ ਇਹ ਇਕ ਪਾਸੇ ਇਹ ਭਾਰਤ ਨਾਲ ਕੂਟਨੀਤਕ ਅਤੇ ਸੈਨਿਕ ਗੱਲਬਾਤ ਜ਼ਰੀਏ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਦਾ ਢੰਡੋਰਾ ਪਿੱਟ ਰਿਹਾ ਹੈ, ਦੂਜੇ ਪਾਸੇ ਅੰਦਰ-ਖਾਤੇ ਸਰਹੱਦ 'ਤੇ ਹਥਿਆਰ ਤੇ ਫ਼ੌਜ ਦਾ ਜਮਾਵੜਾ ਵੀ ਵਧਾਈ ਜਾ ਰਿਹਾ ਹੈ। ਇਸ ਦੀਆਂ ਇਨ੍ਹਾਂ ਗਤੀਵਿਧੀਆਂ ਦੀ ਪੋਲ ਹਾਲੀਆ ਸੈਟੇਲਾਈਟ ਤਸਵੀਰਾਂ ਵੀ ਖੋਲ੍ਹ ਰਹੀਆਂ ਹਨ। ਸੂਤਰਾਂ ਮੁਤਾਬਕ ਚੀਨ ਨੇ ਪੂਰਬੀ ਲੱਦਾਖ ਦੇ ਪੈਂਗੋਗ ਸੋ, ਗਲਵਾਨ ਘਾਟੀ ਸਮੇਤ ਕਈ ਦੂਸਰੀਆਂ ਥਾਵਾਂ 'ਤੇ ਸੈਨਾ ਦੀ ਤੈਨਾਤੀ ਵਧਾ ਦਿਤੀ ਹੈ।
ਗਲਵਾਨ ਘਾਟੀ ਅੰਦਰ ਵੀ ਚੀਨ ਵਲੋਂ ਅਪਣੇ ਸੈਨਿਕਾਂ ਦੀ ਗਿਣਤੀ 'ਚ ਵੱਡਾ ਵਾਧਾ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਸੈਟੇਲਾਈਟ ਤਸਵੀਰਾਂ ਤੋਂ ਹੋਏ ਖੁਲਾਸੇ ਮੁਤਾਬਕ ਜਿਸ ਥਾਂ 'ਤੇ ਭਾਰਤੀ ਫ਼ੌਜਾਂ ਨਾਲ ਖੂਨੀ ਝੜਪ ਹੋਈ ਸੀ, ਉਸ ਥਾਂ 'ਤੇ ਚੀਨ ਨੇ ਵੱਡੀ ਗਿਣਤੀ 'ਚ ਕੈਂਪ ਸਥਾਪਤ ਕਰ ਲਏ ਹਨ। ਇਸੇ ਤਰ੍ਹਾਂ ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਚੀਨੀ ਸੈਨਾ ਨੇ ਇਕ ਵਾਰ ਫਿਰ ਪੈਟਰੋਲਿੰਗ ਪੁਆਇੰਟ 14 ਨੇੜੇ ਢਾਚਾ ਖੜ੍ਹਾ ਕਰ ਦਿਤਾ ਹੈ।
ਪਿਛਲੇ ਦਿਨਾਂ ਦੌਰਾਨ ਚੀਨ ਗਲਵਾਨ ਘਾਟੀ 'ਤੇ ਅਪਣਾ ਦਾਅਵਾ ਕਰਦਾ ਆ ਰਿਹਾ ਹੈ, ਜਿਸ ਨੂੰ ਭਾਰਤ ਨੇ ਸਿਰੇ ਤੋਂ ਖਾਰਜ ਕਰ ਦਿਤਾ ਹੈ। ਪੈਂਗੋਗ ਸੋ ਅਤੇ ਗਲਵਾਨ ਘਾਟੀ ਤੋਂ ਇਲਾਵਾ ਦੇਮਚਾਕ, ਗੋਗਰਾ ਹਾਟ ਸਪਰਿੰਗ ਅਤੇ ਦੋਲਤ ਬੇਗ ਇਲਾਕਿਆਂ 'ਚ ਵੀ ਦੋਵੇਂ ਸੈਨਾਵਾਂ ਆਹਮੋ-ਸਾਹਮਣੇ ਹਨ। ਦੱਸਿਆ ਜਾ ਰਿਹਾ ਹੈ ਕਿ ਪਟਰੌਲਿੰਗ ਪੁਆਇਟ 14 ਨੇੜੇ 15 ਜੂਨ ਦੀ ਹਿੰਸਕ ਘਟਨਾ ਬਾਅਦ ਅਪਣੀਆਂ ਗਤੀਵਿਧੀਆਂ ਘਟਾ ਦਿਤੀਆਂ ਸਨ। ਚੀਨ ਨੇ ਅਪਣੀ ਇਹ ਪੋਸਟ ਖਾਲੀ ਕਰ ਦਿਤੀ ਸੀ, ਜਿੱਥੇ ਬੜੀ ਘੱਟ ਗਿਣਤੀ 'ਚ ਚੀਨੀ ਸੈਨਿਕ ਮੌਜੂਦ ਸਨ। ਇਸ ਤੋਂ ਬਾਅਦ ਭਾਰਤ ਨਾਲ ਗੱਲਬਾਤ ਦਾ ਦੌਰ ਸ਼ੁਰੂ ਕਰਨ ਦੌਰਾਨ ਹੀ ਚੀਨ ਨੇ ਇੱਥੇ ਅਪਣੇ ਸੈਨਿਕਾਂ ਦੀ ਗਿਣਤੀ 'ਚ ਅਚਾਨਕ ਵਾਧਾ ਕਰ ਦਿਤਾ ਹੈ। ਇੰਨਾ ਹੀ ਨਹੀਂ, ਇਥੇ ਭਾਰੀ ਵਾਹਨਾਂ ਨੂੰ ਲਿਆਉਣ ਦੇ ਮਕਸਦ ਨਾਲ ਚੀਨ ਨੇ ਸੜਕ ਦਾ ਵੀ ਨਿਰਮਾਣ ਕਰ ਦਿਤਾ ਹੈ।
ਕਾਬਲੇਗੌਰ ਹੈ ਕਿ ਚੀਨ ਉਸ ਵਕਤ ਐਲਏਸੀ ਨੇੜੇ ਅਪਣੀਆਂ ਸੈਨਿਕ ਗਤੀਵਿਧੀਆਂ ਵਧਾ ਰਿਹਾ ਹੈ, ਜਦੋਂ ਦੋਵੇਂ ਦੇਸ਼ ਸੈਨਿਕ ਅਤੇ ਕੂਟਨੀਤਕ ਤੌਰ 'ਤੇ ਸਰਹੱਦੀ ਤਣਾਅ ਘਟਾਉਣ ਲਈ ਗੱਲਬਾਤ ਕਰ ਰਹੇ ਹਨ। ਦੋਵਾਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਦੀ ਸੋਮਵਾਰ ਨੂੰ ਵੀ ਮੀਟਿੰਗ ਹੋ ਚੁੱਕੀ ਹੈ। ਕਰੀਬ ਘੰਟਾ ਭਰ ਚੱਲੀ ਇਸ ਮੀਟਿੰਗ ਦੌਰਾਨ ਦੋਵੇਂ ਧਿਰਾਂ ਪੂਰਬੀ ਲੱਦਾਖ ਦੇ ਸਾਰੇ ਵਿਵਾਦ ਥਾਵਾਂ ਤੋਂ ਤਣਾਅ ਨੂੰ ਘੱਟ ਕਰਨ ਲਈ ਰਾਜ਼ੀ ਹੋਈਆਂ ਸਨ। ਇਸੇ ਦੌਰਾਨ ਬੁੱਧਵਾਰ ਨੂੰ ਵੀ ਦੋਵਾਂ ਧਿਰਾਂ ਵਿਚਾਲੇ ਕੂਟਨੀਤਕ ਗੱਲਬਾਤ ਹੋਈ ਸੀ। ਇਹ ਗੱਲਬਾਤ ਸਨੇਹਪੂਰਨ ਮਾਹੌਲ 'ਚ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।