ਨਵਾਂ ਖੁਲਾਸਾ : ਔਰਤਾਂ ਦੇ ਮੁਕਾਬਲੇ ਮਰਦਾਂ ਲਈ ਜ਼ਿਆਦਾ ਜਾਨਲੇਵਾ ਸਾਬਤ ਹੁੰਦੀ ਹੈ ਕਰੋਨਾ ਇਨਫੈਕਸ਼ਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ

Covid-19, Infection

ਨਵੀਂ ਦਿੱਲੀ : ਕਰੋਨਾ ਮਹਾਮਾਰੀ ਦਾ ਪ੍ਰਕੋਪ ਦੁਨੀਆ ਭਰ ਅੰਦਰ ਜਾਰੀ ਹੈ। ਇਸ ਨੂੰ ਲੈ ਕੇ ਨਿਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਦੇ ਵਡੇਰੀ ਉਮਰ ਵਾਲਿਆਂ ਲਈ ਵਧੇਰੇ ਘਾਤਕ ਹੋਣ ਦਾਅਵਿਆਂ ਦਰਮਿਆਨ ਇਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਖੁਲਾਸੇ ਮੁਤਾਬਕ ਔਰਤਾਂ ਦੇ ਮੁਕਾਬਲੇ ਇਹ ਵਾਇਰਸ ਮਰਦਾਂ ਲਈ ਵਧੇਰੇ ਜਾਨਲੇਵਾ ਸਾਬਤ ਹੋ ਰਿਹਾ ਹੈ।

ਡਾਕਟਰੀ ਅੰਕੜਿਆਂ ਦੇ ਅੰਦਾਜ਼ੇ ਮੁਤਾਬਕ ਭਾਰਤ ਅੰਦਰ ਕਰੋਨਾ ਇਨਫੈਕਸ਼ਨ ਨਾਲ ਜਾਨ ਗੁਆਉਣ ਵਾਲੇ ਵਿਅਕਤੀਆਂ ਵਿਚ 69 ਫ਼ੀ ਸਦੀ ਮਰਦ ਸਨ ਜਦਕਿ 31 ਫ਼ੀ ਸਦੀ ਗਿਣਤੀ ਔਰਤਾਂ ਦੀ ਹੈ। ਇਸ ਸਬੰਧੀ ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮੰਤਰਾਲੇ ਨੇ ਬਕਾਇਦਾ ਅੰਕੜੇ ਜਾਰੀ ਕੀਤੇ ਹਨ।

ਮੰਤਰਾਲੇ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਮੁਤਾਬਕ ਹੁਣ ਤਕ ਕਰੋਨਾ ਇਨਫੈਕਸ਼ਨ ਨਾਲ 58,390 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚ 69 ਫ਼ੀ ਸਦੀ ਗਿਣਤੀ ਮਰਦਾਂ ਦੀ ਹੈ ਜਦਕਿ ਬਾਕੀ 31 ਫ਼ੀ ਸਦੀ ਗਿਣਤੀ ਔਰਤਾਂ ਦੀ ਸੀ ਜੋ ਇਸ ਇਨਫ਼ੈਕਸ਼ਨ ਕਾਰਨ ਮੌਤ ਦਾ ਸ਼ਿਕਾਰ ਹੋਈਆਂ ਹਨ।

ਸਿਹਤ ਸਕੱਤਰ ਮੁਤਾਬਕ ਕਰੋਨਾ ਹੱਥੋਂ ਹਾਰਨ ਵਾਲਿਆਂ 'ਚ ਜ਼ਿਆਦਾਤਰ ਦੀ ਉਮਰ 60 ਸਾਲ ਜਾਂ ਇਸ ਤੋਂ ਵਧੇਰੇ ਸੀ। ਇਹ ਗਿਣਤੀ 51 ਫ਼ੀ ਸਦੀ ਦੇ ਕਰੀਬ ਹੈ। ਦੇਸ਼ ਅੰਦਰ ਹੋਈਆਂ ਕੁੱਲ ਮੌਤਾਂ 'ਚ 51 ਫ਼ੀ ਸਦੀ ਮਾਮਲੇ 60 ਸਾਲ ਜਾਂ ਇਸ ਤੋਂ ਵਧੇਰੇ ਉਮਰ ਵਾਲੇ ਵਿਅਕਤੀਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 45 ਤੋਂ 60 ਸਾਲ ਦਰਮਿਆਨ ਉਮਰ ਦੇ ਵਿਅਕਤੀਆਂ ਦੀ ਮੌਤਾਂ ਦੀ ਗਿਣਤੀ 36 ਫ਼ ੀਸਦੀ ਹੈ।

ਇਸੇ ਤਰ੍ਹਾਂ 26 ਤੋਂ 44 ਸਾਲ ਉਮਰ ਦੇ ਮਾਮਲਿਆਂ ਦੀ ਗਿਣਤੀ 11 ਫ਼ੀ ਸਦੀ ਤਕ ਸੀ। ਇਸ ਤੋਂ ਇਲਾਵਾ 18 ਤੋਂ 25 ਸਾਲ ਜਾਂ 17 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਗਿਣਤੀ ਕੇਵਲ ਇਕ ਫ਼ੀਸਦੀ ਹੈ, ਜੋ ਕਰੋਨਾ ਇਨਫੈਕਸ਼ਨ ਕਾਰਨ ਮੌਤ ਦੇ ਮੂੰਹ 'ਚ ਜਾ ਪਏ ਹਨ। ਦੱਸਣਯੋਗ ਹੈ ਕਿ ਦੁਨੀਆ ਭਰ 'ਚ ਨਵਜੰਮੇ ਬੱਚੇ ਤੋਂ ਲੈ ਕੇ 100 ਸਾਲ ਤੋਂ ਵਧੇਰੇ ਉਮਰ ਵਰਗ ਦੇ ਵਿਅਕਤੀ ਕਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਭਾਵੇਂ 60 ਸਾਲ ਉਮਰ ਤੋਂ ਉਪਰ ਵਾਲੇ ਮਰੀਜ਼ਾਂ ਦੀ ਮੌਤ ਦਰ ਵਧੇਰੇ ਹੈ, ਪਰ ਇਸ ਦੇ ਬਾਵਜੂਦ ਕਈ ਥਾਈ 100 ਸਾਲ ਜਾਂ ਇਸ ਤੋਂ ਵਡੇਰੀ ਉਮਰ ਦੇ ਵਿਅਕਤੀ ਵੀ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।