ਵਿਕਰਮ ਲੈਂਡਰ ਤੋਂ ਬਾਹਰ ਆਉਂਦੇ ਚੰਦਰਯਾਨ-3 ਦੀ ISRO ਨੇ ਸ਼ੇਅਰ ਕੀਤੀ ਵੀਡੀਉ
ਇਹ ਵੀਡੀਉ 23 ਅਗਸਤ ਦਾ ਹੈ।
ਨਵੀਂ ਦਿੱਲੀ: ਇਸਰੋ ਨੇ ਸ਼ੁਕਰਵਾਰ ਨੂੰ ਚੰਦਰਯਾਨ-3 ਦੇ ਰੋਵਰ ਦੇ ਲੈਂਡਰ ਤੋਂ ਬਾਹਰ ਆਉਣ ਦਾ ਵੀਡੀਉ ਸਾਂਝਾ ਕੀਤਾ। 30 ਸੈਕਿੰਗ ਦੇ ਇਸ ਵੀਡੀਉ ਵਿਚ ਚੰਦਰਯਾਨ ਨੂੰ ਵਿਕਰਮ ਲੈਂਡਰ ਤੋਂ ਬਾਹਰ ਆਉਂਦਾ ਦੇਖਿਆ ਜਾ ਸਕਦਾ ਹੈ। ਰੋਵਰ ਹੌਲੀ-ਹੌਲੀ ਬਾਹਰ ਆਉਂਦਾ ਹੈ ਅਤੇ ਰੈਂਪ ਦੀ ਮਦਦ ਨਾਲ ਚੰਨ ਦੀ ਸਤ੍ਹਾ ਉਤੇ ਪਹੁੰਚਦਾ ਹੈ। ਇਹ ਵੀਡੀਉ 23 ਅਗਸਤ ਦਾ ਹੈ।
ਇਸ ਵੀਡੀਉ ਨੂੰ ਇਮੇਜਰ ਕੈਮਰੇ ਜ਼ਰੀਏ ਬਣਾਇਆ ਗਿਆ ਹੈ। ਇਸਰੋ ਨੇ ਵੀਡੀਉ ਜਾਰੀ ਕਰਦਿਆਂ ਲਿਖਿਆ, “…ਤੇ ਚੰਦਰਯਾਨ-3 ਦਾ ਰੋਵਰ, ਲੈਂਡਰ ਤੋਂ ਨਿਕਲ ਕੇ ਇਸ ਤਰ੍ਹਾਂ ਚੰਦਰਮਾ ਦੀ ਸਤ੍ਹਾ ਉਤੇ ਚੱਲਿਆ”।
ਅਧਿਕਾਰਤ ਸੂਤਰਾਂ ਨੇ ਪਹਿਲਾਂ ਹੀ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲਤਾਪੂਰਵਕ ਬਾਹਰ ਨਿਕਲਣ ਦੀ ਪੁਸ਼ਟੀ ਕਰ ਦਿਤੀ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਵੀਰਵਾਰ ਨੂੰ ਕਿਹਾ ਕਿ ਚੰਦਰਯਾਨ-3 ਪੁਲਾੜ ਯਾਨ ਦਾ ਲੈਂਡਰ ‘ਵਿਕਰਮ’ ਚੰਨ ਦੀ ਸਤ੍ਹਾ ’ਤੇ ਇਕ ਤੈਅ ਖੇਤਰ ਅੰਦਰ ਉਤਰਿਆ। ਸੋਮਨਾਥ ਨੇ ਕਿਹਾ, ‘‘ਲੈਂਡਰ ਤੈਅ ਸਥਾਨ ’ਤੇ ਸਹੀ ਉਤਰਿਆ ਹੈ। ਲੈਂਡਿੰਗ ਸਥਾਨ ਨੂੰ 4.5 ਕਿਮੀ ਗੁਣਾ 2.5 ਕਿਮੀ ਵਜੋਂ ਚਿੰਨਿ੍ਹਤ ਕੀਤਾ ਗਿਆ ਸੀ। ਮੈਨੂੰ ਲਗਦਾ ਹੈ ਕਿ ਉਸ ਸਥਾਨ ’ਤੇ ਅਤੇ ਉਸ ਦੇ ਸਹੀ ਕੇਂਦਰ ਦੀ ਪਛਾਣ ਲੈਂਡਿੰਗ ਦੇ ਸਥਾਨ ਵਜੋਂ ਕੀਤੀ ਗਈ ਸੀ। ਇਹ ਉਸ ਥਾਂ ਤੋਂ 300 ਮੀਟਰ ਅੰਦਰ ਉਤਰਿਆ ਹੈ। ਇਸ ਦਾ ਮਤਲਬ ਹੈ ਕਿ ਇਹ ਲੈਂਡਿੰਗ ਤੈਅ ਖੇਤਰ ਅੰਦਰ ਹੈ। ’’